ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 28 ਫ਼ਰਵਰੀ
ਲਗਪਗ ਪੰਜ ਮਹੀਨੇ ਪਹਿਲਾਂ ਨੇੜਲੇ ਪਿੰਡ ਫਲੌਡ ਕਲਾਂ ਤੋਂ ਯੂਕਰੇਨ ਦੀ ਰਾਜਧਾਨੀ ਕੀਵ ਗਏ ਸਾਬਕਾ ਸਰਪੰਚ ਛੋਟਾ ਸਿੰਘ ਫੌਜੀ ਦੇ ਪੁੱਤਰ ਗੁਰਮੁਖ ਸਿੰਘ ਨੇ ਫੋਨ ’ਤੇ ਹੱਡਬੀਤੀ ਸਾਂਝੀ ਕਰਦਿਆਂ ਕਿਹਾ ਉਹ ਇਸ ਵੇਲੇ ਯੂਕਰੇਨ ਅਤੇ ਸਲੋਵਾਕੀਆ ਦੀ ਸਰਹੱਦ ’ਤੇ ਇਕ ਛੋਟੇ ਜਿਹੇ ਕਮਰੇ ਵਿੱਚ ਸਮਾਂ ਲੰਘਾ ਰਹੇ ਹਨ, ਇੱਥੇ ਹੋਰਨਾਂ ਮੁਲਕਾਂ ਦੇ ਲੋਕਾਂ ਤੇ ਪੰਜਾਬੀਆਂ ਦੀ ਗਿਣਤੀ ਕਾਫੀ ਘੱਟ ਹੈ। ਗੁਰਮੁਖ ਸਿੰਘ ਨੇ ਦੱਸਿਆ ਕਿ ਭਾਵੇਂ ਉਸ ਸਮੇਤ ਚਾਰ ਹੋਰ ਨੌਜਵਾਨਾਂ ਨੇ ਕੀਵ ਤੋਂ ਦੂਰ ਸਲੋਵਾਕੀਆ ਬਾਰਡਰ ’ਤੇ ਸ਼ਰਨ ਲੈ ਲਈ ਹੈ ਪਰ ਹੁਣ ਤੱਕ ਉਨ੍ਹਾਂ ਕੋਲ ਕੋਈ ਵੀ ਮਦਦ ਨਹੀਂ ਪਹੁੰਚੀ। ਇੱਥੋਂ ਤੱਕ ਕਿ ਉਹ ਸਿਰਫ਼ ਪਾਣੀ ਅਤੇ ਬਰੈੱਡ ਨਾਲ ਢਿੱਡ ਭਰ ਰਹੇ ਹਨ। ਸਰਕਾਰ ਅਤੇ ਸਿਆਸੀ ਆਗੂਆਂ ’ਤੇ ਗਿਲਾ ਕਰਦਿਆਂ ਗੁਰਮੁਖ ਸਿੰਘ ਨੇ ਆਖਿਆ ਕਿ ਵੋਟਾਂ ਵੇਲੇ ਤਾਂ ਸਾਰੇ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰਦੇ ਹਨ, ਹੁਣ ਸਿਵਾਏ ਪ੍ਰਸ਼ਾਸਨ ਦੇ ਕਿਸੇ ਵੀ ਸਿਆਸੀ ਆਗੂ ਨੇ ਉਨ੍ਹਾਂ ਦਾ ਹਾਲ ਨਹੀਂ ਪੁੱਛਿਆ, ਜਦਕਿ ਉਹ ਖੁਦ ਫੋਨ ਕਰਕੇ ਸਾਰਿਆਂ ਤੱਕ ਪਹੁੰਚ ਕਰ ਰਿਹਾ ਹੈ। ਗੁਰਮੁਖ ਸਿੰਘ ਅਨੁਸਾਰ ਇੱਥੇ ਪਟਿਆਲਾ ਜ਼ਿਲ੍ਹੇ ਦੇ ਕਈ ਨੌਜਵਾਨ ਵੀ ਫਸੇ ਹੋਏ ਹਨ। ਗੁਰਮੁਖ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਤਾਲਮੇਲ ਕਰਕੇ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜਲਦੀ ਹੀ ਉਥੋਂ ਕੱਢ ਕੇ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਇਆ ਜਾਵੇਗਾ।
ਪ੍ਰਸ਼ਾਸਨ ਲਗਾਤਾਰ ਨੌਜਵਾਨਾਂ ਦੇ ਸੰਪਰਕ ਵਿੱਚ: ਅਧਿਕਾਰੀ
ਡੀਸੀ ਦਫ਼ਤਰ ਮਾਲੇਰਕੋਟਲਾ ਨਾਲ ਸੰਪਰਕ ਕਰਨ ’ਤੇ ਸੀਨੀਅਰ ਕਲਰਕ ਮਨਪ੍ਰੀਤ ਸਿੰਘ ਕੋਹਲੀ ਨੇ ਆਖਿਆ ਕਿ ਯੂਕਰੇਨ ਵਿੱਚ ਫਸੇ ਫਲੌਡ ਵਾਸੀ ਗੁਰਮੁਖ ਸਿੰਘ ਤੋਂ ਇਲਾਵਾ ਮਾਲੇਰਕੋਟਲਾ ਇਲਾਕੇ ਦੇ ਹੋਰ ਨੌਜਵਾਨਾਂ ਦਾ ਇੱਕ ਵ੍ਹਟਸਐਪ ਗਰੁੱਪ ਬਣਾ ਕੇ ਉਨ੍ਹਾਂ ਨਾਲ ਹਰ ਸਮੇਂ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਬਣਾ ਕੇ ਹਰ ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਮਨਪ੍ਰੀਤ ਸਿੰਘ ਨੇ ਆਖਿਆ ਕਿ ਉੱਚ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਮੌਜੂਦਾ ਸਥਿਤੀ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਤਾਂ ਸਲੋਵਾਕੀਆ ਅਤੇ ਪੋਲੈਂਡ ਦੀ ਸਰਕਾਰ ਨੇ ਬਾਰਡਰ ਖੋਲ੍ਹ ਕੇ ਯੂਕਰੇਨ ਵਾਸੀਆਂ ਨੂੰ ਉਧਰ ਲੰਘਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਸਿਰਫ਼ ਯੂਕਰੇਨ ਦੇ ਪੱਕੇ ਵਾਸੀਆਂ ਨੂੰ ਹੀ ਉਧਰ ਜਾਣ ਦੀ ਇਜਾਜ਼ਤ ਹੈ।