ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜਨਵਰੀ
ਕੌਮੀ ਰਾਜਧਾਨੀ ਦਿੱਲੀ ਨੂੰ ਚਾਰੇ ਪਾਸਿਉਂ ਘੇਰਨ ਦੀ ਨੀਤੀ ਤਹਿਤ ਚੱਲ ਰਹੇ ਕਿਸਾਨ ਅੰਦੋਲਨ ਵਿਚ ਸਾਰੇ ਰੰਗਾਂ ਦੇ ਝੰਡੇ ਜਜਬ ਹੋ ਗਏ ਹਨ। ਕਿਸਾਨਾਂ ਦੀ ਵੱਡੀ ਗਿਣਤੀ ਵਾਲੇ ਟਿਕਰੀ ਤੇ ਸਿੰਘੂ ਬਾਰਡਰ ਦੇ ਧਰਨਿਆਂ ਵਾਲੀ ਥਾਂ ਹੋਵੇ ਜਾਂ ਗਾਜ਼ੀਪੁਰ ਤੇ ਪਲਵਲ ਦੇ ਧਰਨੇ ਹੋਣ, ਹਰ ਵਿਚਾਰਧਾਰਾ ਵਾਲੀ ਕਿਸਾਨ ਜਥੇਬੰਦੀ ਦਾ ਝੰਡਾ ਉੱਥੇ ਨਜ਼ਰ ਆਉਂਦਾ ਹੈ। ਪਰ ਝੰਡਿਆਂ ਦੇ ਵੱਖੋ-ਵੱਖ ਰੰਗਾਂ ਵਿਚੋਂ ਇਕੋ ਝਲਕਾਰਾ ਪੈਂਦਾ ਹੈ ਤੇ ਇਹ ਕਿਸਾਨਾਂ ਦੀ ਆਵਾਜ਼ ਨਾਲ ਇਕ-ਮਿਕ ਹੋਏ ਜਾਪਦੇ ਹਨ।
ਟਿਕਰੀ ਵਿਖੇ ਬੀਕੇਯੂ (ਉਗਰਾਹਾਂ) ਦੇ ਨਾਲ-ਨਾਲ ਪੰਜਾਬ ਦੀਆਂ ਹੋਰ 10 ਤੋਂ ਵੱਧ ਜਥੇਬੰਦੀਆਂ ਆਪਣੇ ਹਰੇ, ਹਰੇ-ਚਿੱਟੇ, ਹਰੇ-ਪੀਲੇ, ਲਾਲ ਝੰਡੇ ਲੈ ਕੇ ਆਈਆਂ ਹੋਈਆਂ ਹਨ। ਦਲਿਤ ਜਥੇਬੰਦੀਆਂ ਦੇ ਨੀਲੀ ਭਾਅ ਮਾਰਦੇ ਝੰਡੇ ਵੀ ਬੱਝਵਾਂ ਪ੍ਰਭਾਵ ਪਾ ਰਹੇ ਹਨ। ਪੀਲੇ ਝੰਡੇ ਵੀ ਨਜ਼ਰ ਆਉਂਦੇ ਹਨ। ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਤੋਂ ਇਲਾਵਾ ਰਾਜੇਵਾਲ, ਲੱਖੋਵਾਲ, ਕਾਦੀਆਂ, ਢਕੌਂਦਾ, ਖੱਬੀਆਂ ਧਿਰਾਂ ਦੀਆਂ ਕਿਸਾਨ ਸਭਾਵਾਂ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨਾਂ ਦੇ ਝੰਡੇ ਧਰਨਿਆਂ ਵਾਲੀ ਥਾਂ ’ਤੇ ਲਹਿਰਾ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਕਿਹਾ ਕਿ ਝੰਡੇ ਤਾਂ ਇੱਕਠੇ ਹੋਏ ਹੀ ਹਨ ਪਰ ਕਿਸਾਨ ਇਹੀ ਚਾਹੁੰਦੇ ਹਨ ਇਹ ਏਕਾ ਅਗਲੇ ਸੰਘਰਸ਼ਾਂ ਲਈ ਵੀ ਬਰਕਰਾਰ ਰਹੇ।
ਇਸੇ ਤਰ੍ਹਾਂ ਸਿੰਘੂ ਬਾਰਡਰ ’ਤੇ ਵੀ ਪੰਜਾਬ ਦੀਆਂ ਕੁੱਲ 32 ਕਿਸਾਨ ਯੂਨੀਅਨਾਂ ਦੇ ਕਾਰਕੁਨ ਇਕੱਠੇ ਹੋ ਕੇ ਸਾਰੇ ਸੰਘਰਸ਼ ਦੇ ਸਮੁੱਚੇ ਪ੍ਰਬੰਧ ਸਾਂਭ ਰਹੇ ਹਨ। ਕਈ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਸ਼ਾਇਦ ਪੰਜਾਬ ਦੇ ਭਲੇ ਲਈ ਹੀ ਇਹ ਸਭ ਵਾਪਰ ਰਿਹਾ ਹੈ ਤੇ ਸਾਰੇ ਝੰਡੇ ਇਸ ਕਿਸਾਨ ਅੰਦੋਲਨ ਦੌਰਾਨ ਜਜ਼ਬ ਹੋ ਗਏ ਹਨ। ਇਹ ਨਿਰੋਲ ਕਿਸਾਨੀ ਅੰਦੋਲਨ ਹੋ ਚੁੱਕਾ ਹੈ।
ਮੀਂਹ ਵਿੱਚ ਬਹੁਤ ਕੰਮ ਆਈਆਂ ਵਾਸ਼ਿੰਗ ਮਸ਼ੀਨਾਂ
ਨਵੀਂ ਦਿੱਲੀ: ਚਾਰ ਦਿਨਾਂ ਤੋਂ ਰੁੱਕ-ਰੁੱਕ ਕੇ ਪੈ ਰਹੇ ਮੀਂਹ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਤਾਂ ਕਈ ਪੇਸ਼ ਆਈਆਂ ਹਨ ਪਰ ਉਨ੍ਹਾਂ ਦੀ ਲੰਬੀ ਵਿਉਂਤਬੰਦੀ ਤੇ ਦਾਨੀਆਂ ਦੇ ਸਹਿਯੋਗ ਕਾਰਨ ਇਸ ਮੁਸੀਬਤ ਤੋਂ ਉਹ ਪਾਰ ਪਾ ਰਹੇ ਹਨ। ਮੌਸਮ ਸਿੱਲਾ ਹੋਣ ਕਰ ਕੇ ਹਵਾ ਵਿੱਚ ਵੀ ਨਮੀ ਹੈ ਜਿਸ ਕਰ ਕੇ ਧੋਤੇ ਹੋਏ ਕੱਪੜੇ ਸੁੱਕਣ ਨੂੰ ਸਮਾਂ ਲੱਗਦਾ ਹੈ। ਸਿੰਘੂ ਤੇ ਟਿਕਰੀ ਬਾਰਡਰਾਂ ਸਮੇਤ ਹੋਰ ਧਰਨਿਆਂ ਵਾਲੀਆਂ ਥਾਵਾਂ ’ਤੇ ਦਾਨੀਆਂ ਵੱਲੋਂ ਆਧੁਨਿਕ ਵਾਸ਼ਿੰਗ ਮਸ਼ੀਨਾਂ ਮੋਰਚੇ ਸ਼ੁਰੂ ਹੋਣ ਵੇਲੇ ਹੀ ਦੇ ਦਿੱਤੀਆਂ ਗਈਆਂ ਸਨ। ਹੁਣ ਮੀਂਹ ਦੌਰਾਨ ਇਨ੍ਹਾਂ ਮਸ਼ੀਨਾਂ ਨਾਲ ਕੱਪੜੇ ਧੋਣ ਲਈ ਕਤਾਰ ਲੱਗ ਜਾਂਦੀ ਹੈ ਕਿਉਂਕਿ ਇਹ ਮਸ਼ੀਨਾਂ ਕੱਪੜੇ ਧੋਣ ਉਪਰੰਤ ਉਨ੍ਹਾਂ ਵਿੱਚੋਂ ਪਾਣੀ ਪੂਰੀ ਤਰ੍ਹਾਂ ਨਿਚੋੜ ਦਿੰਦੀਆਂ ਹਨ, ਜਿਸ ਕਰ ਕੇ ਧੋਤੇ ਕੱਪੜੇ ਛੇਤੀ ਸੁੱਕ ਜਾਂਦੇ ਹਨ। ਕਿਸਾਨਾਂ ਲਈ ਕੱਪੜੇ ਧੋਣ ਦੀ ਸੇਵਾ ਕਰ ਰਹੇ ਇਕ ਨੌਜਵਾਨ ਨੇ ਕਿਹਾ ਕਿ ਭਲੇ ਉਹ ਦਾਨੀ ਹਨ ਜਿਨ੍ਹਾਂ ਨੇ ਮਸ਼ੀਨਾਂ ਦੇ ਪ੍ਰਬੰਧ ਕਰ ਕੇ ਦਿੱਤੇ ਤੇ ਮੀਂਹ ਦੇ ਮੌਸਮ ਵਿੱਚ ਇਨ੍ਹਾਂ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਹੈ। ਸਿੰਘੂ ਬਾਰਡਰ ’ਤੇ ਕਰੀਬ 10 ਥਾਵਾਂ ’ਤੇ ਕੱਪੜੇ ਧੋਣ ਦੀਆਂ ਕਈ ਮਸ਼ੀਨਾਂ ਕੰਮ ਰਹੀਆਂ ਹਨ।