ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 23 ਅਗਸਤ
ਇਥੇ ਪਿੰਡ ਜਟਾਣਾ ਵਿੱਚ ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਵੱਲੋਂ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਕੁਸ਼ਤੀਆਂ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਰਵਾਈ। ਮੁੱਖ ਮਹਿਮਾਨ ਵਜੋਂ ਪਹੁੰਚੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਜਟਾਣਾ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਝੰਡੀ ਦੀ ਦੌਰਾਨ ਰੇਲਵੇ ਕੋਚ ਫੈਕਟਰੀ ਕਪੂਰਥਲਾ ਦੇ ਰੋਜੀ ਨੇ ਸਾਹਿਲ ਕੁਰਾਲੀ ਨੂੰ ਚਿੱਤ ਕਰ ਕੇ ਜਿੱਤੀ। ਜਦੋਂ ਕਿ ਦੂਜੇ ਨੰਬਰ ਦੀ ਕੁਸ਼ਤੀ ਛੋਟਾ ਸਦਾਮ ਨੇ ਤਾਜ ਰੌਣੀ ਨੂੰ ਅਤੇ ਤੀਜੇ ਨੰਬਰ ਦੀ ਕੁਸ਼ਤੀ ਗੁਰਜੀਤ ਮਗਰੋੜ ਨੇ ਨਦੀਮ ਨੂੰ ਹਰਾ ਕੇ ਜਿੱਤੀ। ਝੰਡੀ ਦੀ ਕੁਸ਼ਤੀ ਦਾ ਇਨਾਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਠੇਕੇਦਾਰ ਗੁਰਮੀਤ ਸਿੰਘ ਨੇ ਆਪਣੇ ਕੋਲੋਂ ਇੱਕ ਲੱਖ ਰੁਪਏ ਦਿੱਤਾ। ਦੂਜੀ ਕੁਸ਼ਤੀ ਦਾ ਇਨਾਮ ਦਾਨੀ ਸੱਜਣ ਵੱਲੋਂ ਅਤੇ ਤੀਜੀ ਕੁਸ਼ਤੀ ਦਾ ਇਨਾਮ ਸੁਖਬੀਰ ਸਿੰਘ ਮਾਜਰੀ ਸਿੱਖਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਝੰਡੀ ਦੀ ਕੁਸ਼ਤੀ ਤੋਂ ਪਹਿਲਾਂ ਪਹਿਲਵਾਨ ਰੋਜੀ ਕਪੂਰਥਲਾ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਯਾਦ ਕਰਦੇ ਹੋਏ ਪਿੰਡ ਦੀ ਮਿੱਟੀ ਨੂੰ ਸਿੱਜਦਾ ਕੀਤਾ।