ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 2 ਸਤੰਬਰ
ਜ਼ੋਨਲ ਪੱਧਰੀ ਖੇਡਾਂ ਵਿੱਚ ਪੰਜਾਬ ਇੰਟਰਨੈਸ਼ਨਲ ਸਕੂਲ ਪਿੱਪਲ ਮਾਜਰਾ ਦੇ ਵਿਦਿਆਰਥੀਆਂ ਨੇ ਓਵਰਆਲ ਟਰਾਫੀ ਜਿੱਤ ਕੇ ਸਕੂਲ ਤੇ ਇਲਾਕੇ ਦਾ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਅਨੁਰਾਧਾ ਧੀਮਾਨ ਨੇ ਦੱਸਿਆ ਕਿ ਜ਼ੋਨਲ ਪੱਧਰੀ ਖੇਡਾਂ ਦੌਰਾਨ ਸਕੂਲ ਦੀਆਂ 16 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 11 ਟੀਮਾਂ ਨੇ ਪਹਿਲਾ ਸਥਾਨ, 4 ਟੀਮਾਂ ਨੇ ਦੂਜਾ ਅਤੇ 1 ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਅਤੇ ਮੈਨੇਜਰ ਪ੍ਰੀਤਪਾਲਕੌਰ ਅਟਵਾਲ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ।
ਖਰੜ (ਪੱਤਰ ਪ੍ਰੇਰਕ): ਏਪੀਜੇ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਸਕੂਲ ਟੂਰਨਾਮੈਂਟ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਕੁਸ਼ਤੀ ਅਤੇ ਗਤਕਾ ਅੰਡਰ 14 (ਲੜਕੇ) ਦੇ ਫਾਈਨਲ ਵਿੱਚ ਗੋਲਡ ਮੈਡਲ ਜਿੱਤਿਆ। ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਸਮੂਹ ਸਟਾਫ ਮੈਂਬਰਾਂ ਅਤੇ ਭਾਗ ਲੈਣ ਵਾਲੇ ਜਗਦੀਪ ਸਿੰਘ (ਕੁਸ਼ਤੀ), ਲਕਸ਼ੈ ਗਾਰਗਿਆ (ਕੁਸ਼ਤੀ) ਅਤੇ ਜਸਕਰਨ ਸਿੰਘ (ਗਤਕਾ-ਸਿੰਗਲ ਸਟਿੱਕ) ਦੇ ਯਤਨਾਂ ਦੀ ਸ਼ਲਾਘਾ ਕੀਤੀ।
ਵੜੈਚਾਂ ਸਕੂਲ ਦੀ ਕਬੱਡੀ ਟੀਮ ਨੇ ਮਾਰੀਆਂ ਮੱਲਾਂ
ਅਮਲੋਹ (ਪੱਤਰ ਪ੍ਰੇਰਕ): ਜ਼ੋਨਲ ਪੱਧਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿੱਚ ਕਰਵਾਈਆਂ ਗਈਆਂ, ਜਿਸ ਵਿਚ ਸਰਕਾਰੀ ਹਾਈ ਸਕੂਲ ਵੜੈਚਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਮੱਲ੍ਹਾਂ ਮਾਰੀਆਂ। ਵੜੈਚਾਂ ਦੀ ਅੰਡਰ-14 ਲੜਕੀਆਂ ਦੀ ਕਬੱਡੀ ਟੀਮ ਨੇ ਪਹਿਲਾ ਅਤੇ ਅੰਡਰ-14 ਸਾਲ ਲੜਕਿਆਂ ਦੀ ਕਬੱਡੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।