ਜਸਬੀਰ ਸ਼ੇਤਰਾ
ਜਗਰਾਉਂ, 30 ਮਾਰਚ
ਇੱਥੇ ਰਾਏਕੋਟ ਰੋਡ ਸਥਿਤ ਗੁਰਦੁਆਰਾ ਅਜੀਤਸਰ ਵਿੱਚ ਬੀਤੀ ਰਾਤ ਪੱਖੇ ਦੀਆਂ ਤਾਰਾਂ ਸ਼ਾਰਟ ਸਰਕਟ ਹੋਣ ਤੋਂ ਲੱਗੀ ਅੱਗ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਅਗਨ ਭੇਟ ਹੋ ਗਏ। ਹੈੱਡ ਗ੍ਰੰਥੀ ਮਲਕੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ 12 ਵਜੇ ਦੇ ਕਰੀਬ ਜਦੋਂ ਉਸ ਨੇ ਦਰਬਾਰ ਸਾਹਿਬ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਗਿੱਲ ਨੂੰ ਫੋਨ ਰਾਹੀਂ ਸੂਚਨਾ ਦਿੱਤੀ। ਇਸ ਮਗਰੋਂ ਅਮਰੀਕ ਸਿੰਘ ਕੁਝ ਹੋਰ ਸਾਥੀਆਂ ਨੂੰ ਲੈ ਕੇ ਤੁਰੰਤ ਗੁਰਦੁਆਰੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਬੁਝਾਏ ਜਾਣ ਤੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਚੁੱਕੇ ਸਨ। ਇਸ ਦੌਰਾਨ ਪਾਵਨ ਸਰੂਪਾਂ ਤੋਂ ਇਲਾਵਾ ਕੁਝ ਹੋਰ ਸਾਮਾਨ ਵੀ ਸੜ ਗਿਆ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲੀਸ ਵੱਲੋਂ ਡੀਐੱਸਪੀ ਦਲਜੀਤ ਸਿੰਘ ਵਿਰਕ, ਥਾਣਾ ਸਿਟੀ ਇੰਚਾਰਜ ਹੀਰਾ ਸਿੰਘ ਸਮੇਤ ਹੋਰ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਉਨ੍ਹਾਂ ਘਟਨਾ ਸਬੰਧੀ ਜਾਣਕਾਰੀ ਲਈ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇਖੀ। ਡੀਐੱਸਪੀ ਨੇ ਦੱਸਿਆ ਕਿ ਰਿਕਾਰਡਿੰਗ ਘੋਖਣ ’ਤੇ ਪਤਾ ਲੱਗਾ ਹੈ ਕਿ ਅੱਗ ਪੱਖੇ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਘਟਨਾ ਬਾਰੇ ਪਤਾ ਲੱਗਣ ’ਤੇ ਨਿਹੰਗ ਸਿੰਘ ਜਥੇਬੰਦੀ ਦੇ ਸੁਖਦੇਵ ਸਿੰਘ ਤੇ ਹੋਰ ਆਗੂ ਵੀ ਗੁਰਦੁਆਰਾ ਅਜੀਤਸਰ ਪਹੁੰਚੇ। ਉਨ੍ਹਾਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ।