ਵਪਾਰ ਪ੍ਰਤੀਨਿਧ
ਚੰਡੀਗੜ੍ਹ, 21 ਫਰਵਰੀ
ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਵਿੱਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤ ਲੋਕ ਗੀਤ ਤੇ ਗ਼ਜ਼ਲਾਂ ਗਾਉਣ ਨਾਲ ਹੋਈ।
ਇਸ ਮੌਕੇ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੀਆਂ ਪੰਜ ਸ਼ਖ਼ਸੀਅਤਾਂ ਡਾ. ਗੁਰਬਚਨ ਸਿੰਘ ਰਾਹੀ, ਪ੍ਰੋ. ਧਰਮ ਚੰਦ ਬਾਤਿਸ਼, ਡਾ. ਰਮਾ ਰਤਨ, ਸਤਿੰਦਰ ਪਾਲ ਸਿੰਘ ਸਿੱਧਵਾਂ ਤੇ ਹਰਭਜਨ ਬਾਜਵਾ ਨੂੰ ਮਾਤ ਭਾਸ਼ਾ ਪੁਰਸਕਾਰ ਨਾਲ ਸਨਮਾਨਿਆ ਗਿਆ। ਸਮਾਗਮ ਵਿੱਚ ਆਏ ਪਤਵੰਤਿਆਂ ਦਾ ਸੁਆਗਤ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗ ਰਾਜ ਨੇ ਕਿਹਾ ਕਿ ਮਾਤ ਭਾਸ਼ਾ ਜਾਂ ਮਾਂ ਬੋਲੀ ਨੂੰ ਕਿਸੇ ਫਿਰਕੇ ਜਾਤੀ ਜਾਂ ਨਸਲ ਦੇ ਵਿਤਕਰੇ ਤੋਂ ਨਹੀਂ, ਸਗੋਂ ਜਮਾਤੀ ਵਿਤਕਰੇ ਤੋਂ ਖਤਰਾ ਹੈ। ਉਨ੍ਹਾਂ ਮਾਂ ਬੋਲੀ ਦੇ ਸਨਮਾਨ ਲਈ ਢਾਕਾ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਯੂਨੈਸਕੋ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਵਜੋਂ ਤਸਲੀਮ ਕੀਤਾ ਹੈ। ਇਸ ਮੌਕੇ ਨਾਰੀ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਅਰਤਿੰਦਰ ਸੰਧੂ, ਮਨਜੀਤ ਇੰਦਰਾ, ਸੁਰਿੰਦਰ ਗਿੱਲ ਜੈਪਾਲ, ਭੂਪਿੰਦਰ ਕੌਰ ਪ੍ਰੀਤ, ਦੇਵਿੰਦਰ ਦਿਲਰੂਪ, ਜਸਲੀਨ ਕੌਰ, ਜਗਦੀਸ਼ ਕੌਰ, ਅਮਰਦੀਪ ਕੌਰ ਤੇ ਰਾਜਿੰਦਰ ਕੌਰ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸਮਾਗਮ ਦਾ ਸੰਚਾਲਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕੀਤਾ।