ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਸਤੰਬਰ
ਇੱਥੇ ਦੇ ਚੰਡੀਗੜ੍ਹ ਰੋਡ ’ਤੇ ਸੋਮਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਬਿਜਲੀ ਦੇ ਖੰਭੇ ’ਚ ਜਾ ਵੱਜੀ ਜਿਸ ਕਾਰਨ ਤਿੰਨ ਬੱਚਿਆਂ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਔਰਤ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ, ਉਸ ਦੀ ਲੜਕੀ ਜੈਸਮੀਨ, ਉਸ ਦੀ ਰਿਸ਼ਤੇਦਾਰ ਸੰਜਨਾ ਤੇ ਉਸ ਦੀ ਦੋ ਲੜਕੀਆਂ ਮਾਹੀ (5) ਤੇ ਖੁਸ਼ੀ (3) ਵਜੋਂ ਹੋਈ ਹੈ। ਇਹ ਪਤਾ ਲੱਗਿਆ ਹੈ ਕਿ ਕਾਰ ਰਾਜੇਸ਼ ਚਲਾ ਰਿਹਾ ਸੀ ਜਿਸ ਵਿਚ ਉਸ ਦੀ ਪਤਨੀ ਪ੍ਰਿਆ ਤੇ ਹੋਰ ਵੀ ਸਵਾਰ ਸਨ। ਚਸ਼ਮਦੀਦਾਂ ਅਨੁਸਾਰ ਗੱਡੀ ਦੀ ਰਫ਼ਤਾਰ ਤੇਜ਼ ਸੀ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟੀਆਂ ਖਾ ਗਈ। ਹਾਦਸੇ ਵਿੱਚ ਜ਼ਖ਼ਮੀ ਰਾਜੇਸ਼ ਦੀ ਪਤਨੀ ਪ੍ਰਿਆ ਨੂੰ ਗੰਭੀਰ ਹਾਲਤ ’ਚ ਸੀਐਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੰਜਨਾ ਦੇ ਪਤੀ ਰਾਜਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੁੰਡੀਆਂ ਕਲਾਂ ਦੇ ਪਰਿਵਾਰਕ ਸਮਾਗਮ ਵਿਚ ਸ਼ਿਰਕਤ ਕਰਨ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਕਾਰਾਂ ਪਿੱਛੇ ਜਾ ਰਿਹਾ ਸੀ ਤੇ ਮੋੜ ਨੇੜੇ ਕਾਰ ਬੇਕਾਬੂ ਹੋ ਗਈ ਤੇ ਪਲਟੀਆਂ ਖਾਂਦੀ ਹੋਈ ਦੂਜੇ ਪਾਸੇ ਖੰਭੇ ਨਾਲ ਟਕਰਾ ਗਈ। ਇਸ ਮੌਕੇ ਆਸ ਪਾਸ ਦੇ ਲੋਕਾਂ ਨੇ ਕਾਰ ਸਵਾਰਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਤਾਂ ਤਿੰਨ ਬੱਚਿਆਂ ਸਣੇ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਪ੍ਰਿਆ ਦੀ ਹਾਲਤ ਗੰਭੀਰ ਸੀ। ਉਸ ਨੂੰ ਇਲਾਜ ਲਈ ਤੁਰੰਤ ਰਾਹਗੀਰਾਂ ਨੇ ਸੀਐਮਸੀ ਹਸਪਤਾਲ ਪਹੁੰਚਾਇਆ। ਪ੍ਰਤੱਖਦਰਸ਼ੀਆਂ ਅਨੁਸਾਰ ਕਾਰ ਦੀ ਰਫ਼ਤਾਰ 120 ਦੇ ਆਸਪਾਸ ਸੀ ਜਿਸ ਕਾਰਨ ਕਾਰ ਪਲਟ ਗਈ। ਕਾਰ ’ਚ ਸਵਾਰ ਸਾਰੇ ਮੂਲ ਰੂਪ ’ਚ ਬਿਹਾਰ ਦੇ ਜ਼ਿਲ੍ਹਾ ਸੀਤਾਮੜੀ ਦੇ ਰਹਿਣ ਵਾਲੇ ਸਨ। ਏਐਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਖੁਸ਼ੀ ਦੇ ਸਮਾਗਮ ’ਚ ਗਏ ਪਰਿਵਾਰ ’ਤੇ ਮਾਤਮ ਛਾਇਆ
ਚੰਡੀਗੜ੍ਹ ਰੋਡ ’ਤੇ ਮੁੰਡੀਆਂ ਪਿੰਡ ਵਿੱਚ ਸਮਾਗਮ ’ਚ ਸ਼ਾਮਲ ਹੋਣ ਗਏ ਇੱਥੋਂ ਦੇ ਸੁਭਾਸ਼ ਨਗਰ ਰਹਿੰਦੇ ਰਾਜਨ ਨੇ ਦੇਰ ਰਾਤ ਰਸਤੇ ’ਚ ਵਾਰਦਾਤ ਤੋਂ ਬਚਣ ਲਈ ਪਤਨੀ ਤੇ ਦੋ ਧੀਆਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਇੱਕ ਕਾਰ ਵਿੱਚ ਭੇਜ ਦਿੱਤਾ ਸੀ ਤੇ ਆਪ ਮੋਟਰਸਾਈਕਲ ’ਤੇ ਗਿਆ ਸੀ ਪਰ ਰਸਤੇ ਵਿੱਚ ਇਹ ਕਾਰ ਹਾਦਸਾਗ੍ਰਸਤ ਹੋਣ ਕਾਰਨ ਕਾਰ ਸਵਾਰਾਂ ਦੀ ਮੌਤ ਹੋ ਗਈ। ਸਮਾਗਮ ਤੋਂ ਨਿਕਲਦੇ ਹੀ ਪੰਜ ਮਿੰਟਾਂ ਬਾਅਦ ਹਾਦਸਾ ਵਾਪਰ ਗਿਆ ਅਤੇ ਕੁੱਝ ਕੁ ਮਿੰਟਾਂ ਵਿੱਚ ਹੀ ਦੋ ਪਰਿਵਾਰ ਉੱਜੜ ਗਏ। ਇਸ ਹਾਦਸੇ ਵਿਚ ਰਾਜਨ ਦੀ ਪਤਨੀ, ਦੋ ਬੱਚੀਆਂ ਅਤੇ ਰਾਜੇਸ਼ ਤੇ ਉਸ ਦੀ ਲੜਕੀ ਦੀ ਮੌਤ ਹੋ ਗਈ। ਪਤਨੀ ਅਤੇ ਬੱਚਿਆਂ ਨੂੰ ਗਵਾਉਣ ਵਾਲੇ ਰਾਜਨ ਨੇ ਕਿਹਾ ਕਿ ਕਾਫ਼ੀ ਸਮੇਂ ਬਾਅਦ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸਨ। ਉਹ ਵੀ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਨ ਲਈ ਗਿਆ ਸੀ ਪਰ ਇਹ ਮੁਲਾਕਾਤ ਆਖਰੀ ਸਿੱਧ ਹੋਈ।