ਪੱਤਰ ਪ੍ਰੇਰਕ
ਨਵਾਂਸ਼ਹਿਰ, 23 ਅਪਰੈਲ
ਪੰਜਾਬ ਪੁਲੀਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਚਲਾਏ ਜਾ ਰਹੇ ਪਾਕਿ ਅਧਾਰਿਤ ਅਤਿਵਾਦੀ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਲਵਾਂ ਚੌਕੀ ਵਿਚ ਹੋਏ ਬੰਬ ਧਮਾਕੇ ਦਾ ਮਾਮਲਾ ਵੀ ਸੁਲਝਾ ਲਿਆ ਹੈ। ਐੱਸਐੱਸਪੀ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ’ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮ ਰਮਨਦੀਪ ਸਿੰਘ ਉਰਫ ਜੱਖੂ, ਪਰਦੀਪ ਉਰਫ ਭੱਟੀ ਅਤੇ ਮਨੀਸ਼ ਕੁਮਾਰ ਉਰਫ ਬਾਬਾ 17 ਅਪਰੈਲ ਨੂੰ ਗ੍ਰਿਫ਼ਤਾਰ ਕੀਤੇ ਗਏ ਸਨ। ਇਨ੍ਹਾਂ ਤੋਂ ਕੀਤੀ ਗਈ ਪੁੱਛ-ਪੜਤਾਲ ਮਗਰੋਂ ਜਦੋਂ ਉਨ੍ਹਾਂ ਵੱਲੋਂ ਦੱਸੇ ਗਏ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਤਾਂ ਖਰੜ ਦੇ ਕੁਲਦੀਪ ਕੁਮਾਰ ਸੰਨੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇੱਕ ਵਿਦੇਸ਼ੀ ਪਿਸਤੌਲ ਅਤੇ 10 ਰੌਂਦ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਅਨੁਸਾਰ ਸੰਨੀ ਨੇ ਮੰਨਿਆ ਕਿ ਉਸ ਵੱਲੋਂ ਸਾਥੀਆਂ ਸ਼ੁਭਕਰਨ ਉਰਫ ਸਾਜਨ, ਰੋਹਿਤ ਉਰਫ ਬੱਲੂ ਨਾਲ ਹਮਸਲਾਹ ਹੋ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲੀਸ ਚੌਕੀ ਕਲਵਾਂ ’ਚ ਧਮਾਕਾ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਰਿੰਦਾ ਵੱਲੋਂ ਭੇਜੀਆਂ ਕਨਸਾਈਨਮੈਂਟਾਂ ਆਪਣੇ ਸਾਥੀ ਜਿਵਤੇਸ਼ ਸੇਠੀ ਵਾਸੀ ਬੇਗਮਪੁਰ ਰਾਹੀਂ ਚੁਕਵਾਈਆਂ ਗਈਆਂ ਸਨ। ਮੁਲਜ਼ਮ ਕੁਲਦੀਪ ਕੁਮਾਰ ਉਰਫ ਸੰਨੀ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਰੋਹਿਤ ਉਰਫ ਬੱਲੂ, ਸ਼ੁਭਕਰਨ ਅਤੇ ਸੇਠੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਸੰਨੀ ਨੇ ਮੰਨਿਆ ਕਿ ਉਸ ਨੇ ਇੱਕ ਟਿਫਨ ਬੰਬ ਅਮਨਦੀਪ ਕੁਮਾਰ ਵਾਸੀ ਊਨਾ ਨੂੰ ਦਿੱਤਾ ਹੈ। ਪੁਲੀਸ ਨੇ ਜਦੋਂ ਅਮਨਦੀਪ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਸਿੰਗਾਂ ਦੇ ਖੂਹ ’ਚੋਂ ਟਿਫਨ ਬੰਬ ਸਮੇਤ ਇਕ ਪੈਨ ਡਰਾਈਵ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।