ਅਜੇ ਮਲਹੋਤਰਾ
ਬਸੀ ਪਠਾਣਾਂ, 16 ਜੁਲਾਈ
ਵੱਖ-ਵੱਖ ਅਦਾਲਤਾਂ ’ਚ ਜਾਅਲੀ ਦਸਤਾਵੇਜ਼ਾਂ ਰਾਹੀਂ ਪੁਲੀਸ ਮੁਕੱਦਮਿਆਂ ’ਚ ਨਾਮਜ਼ਦ ਵਿਅਕਤੀਆਂ ਦੀਆਂ ਜ਼ਮਾਨਤਾਂ ਕਰਵਾਉਣ ਦਾ ਧੰਦਾ ਕਰਨ ਦੇ ਦੋਸ਼ ਹੇਠ ਸੀਆਈਏ ਸਟਾਫ਼ ਸਰਹਿੰਦ ਦੀ ਪੁਲੀਸ ਵੱਲੋਂ ਇੱਕ ਔਰਤ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਐੱਸਪੀ (ਡੀ) ਜਗਜੀਤ ਸਿੰਘ ਜੱਲ੍ਹਾ ਨੇ ਦੱਸਿਆ ਕਿ ਡੀਐੱਸਪੀ(ਡੀ) ਰਘਬੀਰ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ਼ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਗੱਬਰ ਸਿੰਘ ਨੇ ਮੁਖਬਰੀ ਦੇ ਆਧਾਰ ’ਤੇ ਮੁਲਜ਼ਮਾਂ ਰਾਜਨ ਦਾਸ ਵਾਸੀ ਡਕਸਈ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਰਾਜੁਪਰਾ, ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਭਰਤ ਕਲੋਨੀ ਰਾਜਪੁਰਾ, ਲਖਵੀਰ ਸਿੰਘ ਵਾਸੀ ਸਾਹਮਣੇ ਗੀਤਾ ਭਵਨ ਰਾਜਪੁਰਾ ਤੇ ਜਸਵੀਰ ਕੌਰ ਵਾਸੀ ਪਿੰਡ ਮਿਰਜ਼ਾਪੁਰ ਨੇੜੇ ਰਾਜਪੁਰਾ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ 6 ਜਾਅਲੀ ਆਧਾਰ ਕਾਰਡ, 3 ਜਾਅਲੀ ਨੰਬਰਦਾਰ ਆਈਡੀ ਕਾਰਡ ਅਤੇ 3 ਸੈੱਟ ਜਾਅਲੀ ਬੇਲ ਬੌਂਡ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਕਤ ਗਰੋਹ ਦਾ ਮੁੱਖ ਸਰਗਨਾ ਰਾਜਨ ਦਾਸ ਹੈ, ਜਿਸ ਤੋਂ ਕੀਤੀ ਗਈ ਪੁੱਛ-ਗਿੱਛ ਦੇ ਆਧਾਰ ’ਤੇ ਮੁਹਾਲੀ ਅਦਾਲਤ ’ਚ ਜ਼ਮਾਨਤਾਂ ਕਰਵਾਉਣ ਦੀ ਕਥਿਤ ਦਲਾਲੀ ਕਰਨ ਵਾਲੇ ਅਰਵਿੰਦਰ ਕੁਮਾਰ ਉਰਫ਼ ਬਿੱਲਾ ਵਾਸੀ ਖਰੜ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।