ਪੱਤਰ ਪ੍ਰੇਰਕ
ਜਲੰਧਰ, 18 ਅਪਰੈਲ
ਇਥੋਂ ਦੇ ਜੀਐੱਸਟੀ ਵਿਭਾਗ ਦੇ ਮੋਬਾਈਲ ਵਿੰਗ ਨੇ ਇੱਕ ਕਾਰ ’ਚੋਂ ਪੰਜ ਕਿੱਲੋ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 3 ਕਰੋੜ 82 ਲੱਖ ਰੁਪਏ ਹੈ। ਇਹ ਬਰਾਮਦਗੀ ਸ਼ਾਹਕੋਟ ਨੇੜੇ ਕੀਤੀ ਗਈ ਹੈ, ਜਿਸ ਦੀ ਚੋਣ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਸੋਨਾ ਲੁਧਿਆਣਾ ਦੇ ਇੱਕ ਵੱਡੇ ਜੌਹਰੀ ਕੋਲੋਂ ਬਰਾਮਦ ਕੀਤਾ ਗਿਆ ਹੈ। ਜਲੰਧਰ ਮੋਬਾਈਲ ਵਿੰਗ ਦੇ ਈਟੀਓ ਸੁਖਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਸਥਾਨ ’ਤੇ ਇੱਕ ਵਿਅਕਤੀ 5 ਕਿੱਲੋ ਤੋਂ ਵੱਧ ਸੋਨਾ ਲੈ ਕੇ ਜਾ ਰਿਹਾ ਹੈ। ਟੀਮ ਨੇ ਦੇਰ ਰਾਤ ਨਾਕਾਬੰਦੀ ਕਰ ਕੇ ਇੱਕ ਵੈਗਨਆਰ ਕਾਰ ਨੂੰ ਰੋਕਿਆ, ਜਿਸ ’ਚ ਦੋ ਵਿਅਕਤੀ ਬੈਠੇ ਸਨ। ਕਾਰ ਦੀ ਤਲਾਸ਼ੀ ਲੈਣ ’ਤੇ ਅੰਦਰੋਂ ਕਰੀਬ ਪੰਜ ਕਿੱਲੋ ਸੋਨਾ ਬਰਾਮਦ ਹੋਇਆ। ਈਟੀਓ ਸੁਰਜੀਤ ਸਿੰਘ ਨੇ ਦੱਸਿਆ ਕਿਸੋਨਾ ਲੁਧਿਆਣਾ ਦੇ ਨਿੱਕਾ ਮੱਲ ਜਿਊਲਰਜ਼ ਦੇ ਨਾਂ ’ਤੇ ਸ਼ੋਅਰੂਮ ਚਲਾ ਰਹੇ ਵਿਅਕਤੀ ਕੋਲੋਂ ਬਰਾਮਦ ਕੀਤਾ ਗਿਆ ਹੈ, ਜਿਸ ਦੀ ਪਛਾਣ ਯੋਗੇਸ਼ ਗਰਗ ਵਾਸੀ ਲੁਧਿਆਣਾ ਵਜੋਂ ਹੋਈ ਹੈ।