ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 20 ਜੂਨ
ਕਰਤਾਰਪੁਰ ਨੇੜੇ ਪਿੰਡ ਹਮੀਰਾ ਕੋਲ ਕੌਮੀ ਮਾਰਗ ’ਤੇ ਅੰਮ੍ਰਿਤਸਰ ਵੱਲੋਂ ਆ ਰਹੀ ਹੌਂਡਾ ਸਿਟੀ ਕਾਰ ਦੀ ਸੜਕ ਕੰਢੇ ਖੜ੍ਹੇ ਟੈਂਕਰ ਨਾਲ ਟੱਕਰ ਹੋਣ ’ਤੇ ਵਾਪਰੇ ਹਾਦਸੇ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਵਾਸੀ ਮਸਕੀਨ ਨਗਰ ਨਿਊ ਦਾਣਾ ਮੰਡੀ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ, ਪੋਤਰਾ ਪਰਨੀਤ ਸਿੰਘ, ਮਨਵੀਰ ਸਿੰਘ, ਕੁੜਮਣੀ ਸਰਬਜੀਤ ਕੌਰ, ਨੂੰਹ ਦੀ ਭਰਜਾਈ ਅਮਨਦੀਪ ਕੌਰ ਤੇ ਭਤੀਜਾ ਗੁਰਫ਼ਤਹਿ ਸਿੰਘ ਅਤੇ ਰਿਸ਼ਤੇਦਾਰ ਤਜਿੰਦਰ ਸਿੰਘ ਵਾਸੀ ਗਰੀਨ ਪਾਰਕ ਲੁਧਿਆਣਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਆਲਟੋ ਕਾਰ ਵਿੱਚ ਹੋਰ ਜੀਆਂ ਨਾਲ ਪਿੱਛੇ ਆ ਰਹੇ ਸਨ। ਜੀਟੀ ਰੋਡ ਹਮੀਰਾ ਨੇੜੇ ਕਾਰ ਸੜਕ ਵਿਚਾਲੇ ਖੜ੍ਹੇ ਇਕ ਕੈਂਟਰ ਨਾਲ ਜਾ ਟਕਰਾਈ। ਹਾਦਸੇ ਮਗਰੋਂ ਰਾਹੀਗਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਕਰਤਾਰਪੁਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮਨਪ੍ਰੀਤ ਕੌਰ, ਪਰਨੀਤ ਸਿੰਘ, ਸਰਬਜੀਤ ਕੌਰ ਅਤੇ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਤ ਗੰਭੀਰ ਹੋਣ ਕਾਰਨ ਗੁਰਫ਼ਤਹਿ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ, ਜਿੱਥੇ ਇਲਾਜ ਦੌਰਾਨ ਬੱਚੇ ਗੁਰਫ਼ਤਹਿ ਸਿੰਘ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਕੈਂਟਰ ਚਾਲਕ ਵੱਲੋਂ ਗੱਡੀ ਗਲਤ ਜਗ੍ਹਾ ਖੜ੍ਹੀ ਕਾਰਨ ਵਾਪਰਿਆ ਸੀ। ਹਾਦਸੇ ਉਪਰੰਤ ਕੈਂਟਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਸੁਭਾਨਪੁਰ ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਹੈ।
ਪੰਜ ਮੌਤਾਂ ਕਾਰਨ ਲੁਧਿਆਣਾ ਵਿੱਚ ਸੋਗ ਦਾ ਮਾਹੌਲ
ਲੁਧਿਆਣਾ (ਗਗਨਦੀਪ ਅਰੋੜਾ): ਕਰਤਾਰਪੁਰ ਨੇੜੇ ਵਾਪਰੇ ਹਾਦਸੇ ਵਿੱਚ ਲੁਧਿਆਣਾ ਦੇ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਕਾਰਨ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ ਹੈ। ਇਲਾਕਾ ਵਾਸੀ ਪਰਿਵਾਰ ਨੂੰ ਦਿਲਾਸਾ ਦੇ ਰਹੇ ਹਨ। ਦੁੱਖ ਦੀ ਇਸ ਘੜੀ ਵਿੱਚ ਕਿਸੇ ਵੀ ਘਰ ਚੁੱਲ੍ਹੇ ਅੱਗ ਨਹੀਂ ਬਲੀ। ਜਾਣਕਾਰੀ ਅਨੁਸਾਰ ਸੈਨੇਟਰੀ ਦੀ ਦੁਕਾਨ ਚਲਾਉਣ ਵਾਲਾ ਤਜਿੰਦਰ ਸਿੰਘ ਐਤਵਾਰ ਦੀ ਛੁੱਟੀ ਹੋਣ ਕਾਰਨ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਿਆ ਸੀ। ਵਾਪਸੀ ਵੇਲੇ ਵਾਪਰੇ ਹਾਦਸੇ ਦੌਰਾਨ ਤਜਿੰਦਰ ਸਿੰਘ ਦੀ ਪਤਨੀ, 10 ਮਹੀਨੇ ਦੇ ਪੁੱਤ ਗੁਰਫਤਹਿ ਸਿੰਘ, ਮਾਂ, ਭੈਣ ਮਨਪ੍ਰੀਤ ਕੌਰ ਅਤੇ ਅੱਠ ਮਹੀਨੇ ਦੇ ਭਾਣਜੇ ਦੀ ਮੌਤ ਹੋ ਗਈ।