ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਫਰਵਰੀ
ਮੁੱਖ ਅੰਸ਼
- ਸਿਰਫ ਇੱਕ ਵੇਲੇ ਦਾ ਮਿਲ ਰਿਹਾ ਹੈ ਖਾਣਾ
- ਹੰਗਰੀ ਜਾਂ ਪੋਲੈਂਡ ਦੇ ਏਅਰਪੋਰਟ ਰਾਹੀਂ ਭਾਰਤ ਲਿਆਉਣ ਦੇ ਕੀਤੇ ਜਾ ਰਹੇ ਨੇ ਯਤਨ
ਰੂਸ ਤੇ ਯੂਕਰੇਨ ਵਿਚਾਲੇ ਜੰਗ ਲੱਗਣ ਕਾਰਨ ਉੱਥੇ ਫਸੇ ਕਰੀਬ ਪੰਜ ਸੌ ਤੋਂ ਵੱਧ ਵਿਦਿਆਰਥੀਆਂ ਨੇ ਭਾਰਤੀ ਅੰਬੈਸੀ ਵਿਚ ਪਨਾਹ ਲਈ ਹੋਈ ਹੈ ਪਰ ਉੱਥੇ ਇਨ੍ਹਾਂ ਨੂੰ ਸਿਰਫ ਇੱਕ ਵੇਲੇ ਦਾ ਖਾਣਾ ਹੀ ਨਸੀਬ ਹੋ ਰਿਹਾ ਹੈ। ਭਾਰਤੀ ਅੰਬੈਸੀ ’ਚ ਪਨਾਹ ਲਈ ਬੈਠੇ ਪੰਜਾਬੀ ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਹੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਵਿਦਿਆਰਥੀ ਆ ਰਹੇ ਹਨ। ਭਾਰਤੀ ਅੰਬੈਸੀ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਕੋਲ ਰਾਸ਼ਨ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਸਿਰਫ ਇੱਕ ਵੇਲੇ ਦਾ ਖਾਣਾ ਹੀ ਦਿੱਤਾ ਜਾ ਰਿਹਾ।
ਵਿਦਿਆਰਥੀਆਂ ਅਨੁਸਾਰ ਉਹ ਫਿਲਹਾਲ ਭਾਰਤੀ ਅੰਬੈਸੀ ਵਿਚ ਆਪਣੀ ਜਾਨ ਬਚਾ ਰਹੇ ਹਨ। ਭੁੱਖ ਲੱਗਣ ’ਤੇ 5-5 ਵਿਦਿਆਰਥੀਆਂ ਦਾ ਗਰੁੱਪ ਬਾਹਰ ਜਾਂਦਾ ਹੈ, ਜੋ ਸਿਰਫ ਗਰੌਸਰੀ ਸਟੋਰਾਂ ’ਚੋਂ ਖਾਣ ਲਈ ਕੁਝ ਸਾਮਾਨ ਖਰੀਦ ਲਿਆਉਂਦੇ ਹਨ। ਭਾਰਤੀ ਅੰਬੈਂਸੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਿੱਥੇ ਵੀ ਹਨ, ਫਿਲਹਾਲ ਉੱਥੇ ਹੀ ਰਹਿਣ ਕਿਉਂਕਿ ਅੰਬੈਸੀ ਵਿਚ ਰਾਸ਼ਨ ਅਤੇ ਵਿਦਿਆਰਥੀਆਂ ਦੇ ਰਹਿਣ ਦਾ ਪ੍ਰਬੰਧ ਵੀ ਘੱਟ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਅੰਬੈਸੀ ਤੋਂ ਥੋੜ੍ਹੀ ਦੂਰ ਬੰਬਾਰੀ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ, ਜਿਸ ਕਾਰਨ ਉਹ ਬਾਹਰ ਨਹੀਂ ਨਿਕਲ ਰਹੇ। ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਕੀਵ ਦੀਆਂ ਸੜਕਾਂ ’ਤੇ ਰੂਸੀ ਟੈਂਕ ਵੀ ਘੁੰਮਦੇ ਦੇਖੇ ਹਨ। ਭਾਰਤੀ ਅੰਬੈਂਸੀ ਇੱਥੇ ਫਸੇ ਵਿਦਿਆਰਥੀਆਂ ਨੂੰ ਬੱਸਾਂ ਰਾਹੀਂ ਨਾਲ ਲੱਗਦੇ ਦੇਸ਼ ਹੰਗਰੀ ਜਾਂ ਪੋਲੈਂਡ ਲਿਜਾ ਕੇ ਉੱਥੋਂ ਭਾਰਤੀ ਜਹਾਜ਼ ਰਾਹੀਂ ਸੁਰੱਖਿਅਤ ਕੱਢਣ ਦੇ ਯਤਨ ਕਰ ਰਹੀ ਹੈ।