ਗੁਰਿੰਦਰ ਸਿੰਘ/ਮਹੇਸ਼ ਸ਼ਰਮਾ
ਲੁਧਿਆਣਾ/ਮੰਡੀ ਅਹਿਮਦਗੜ੍ਹ, 2 ਜੁਲਾਈ
ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਜਰਖੜ ਸਥਿਤ ਗੁਰਦੁਆਰੇ ’ਤੇ ਕਬਜ਼ੇ ਦੀ ਕੋਸ਼ਿਸ਼ ਤਹਿਤ ਗੋਲੀ ਚੱਲਣ ਦੀ ਘਟਨਾ ਸਬੰਧੀ ਪੁਲੀਸ ਵੱਲੋਂ 20 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਕਾਰਨ ਦੋਹਾਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮਾਤਾ ਸਾਹਿਬ ਕੌਰ ਕਮੇਟੀ ਅਤੇ ਮਾਤਾ ਸਾਹਿਬ ਕੌਰ ਟਰੱਸਟ ਦੇ ਨਾਂ ਹੇਠ ਬਣੀਆਂ ਸੰਸਥਾਵਾਂ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ’ਤੇ ਕਾਬਜ਼ ਹੋਣ ਲਈ ਲੜ ਰਹੇ ਸਨ ਅਤੇ ਇਸ ਸਬੰਧੀ ਅਦਾਲਤ ’ਚ ਕੇਸ ਵੀ ਚੱਲ ਰਿਹਾ ਸੀ। ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਪਿੰਡ ਜਰਖੜ ਦੇ ਹੈੱਡ ਗ੍ਰੰਥੀ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਬੀਤੀ ਦੁਪਹਿਰ ਵੀਹ ਦੇ ਕਰੀਬ ਵਿਅਕਤੀਆਂ ਨੇ ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਾਈ ਤਾਂ ਲੋਕਾਂ ਦਾ ਇਕੱਠ ਹੋ ਗਿਆ ਜਿਸ ਮਗਰੋਂ ਇੱਕ ਵਿਅਕਤੀ ਨੇ ਜਨਰਲ ਸਕੱਤਰ ਜਰਨੈਲ ਸਿੰਘ ਵੱਲ ਗੋਲੀ ਮਾਰੀ ਪਰ ਉਸ ਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਨਿਹੰਗਾਂ ਨੇ ਵੀ ਕਈ ਗੋਲੀਆਂ ਚਲਾਈਆਂ। ਇਸ ਮੌਕੇ ਗੁਰਦੁਆਰੇ ਅੰਦਰੋਂ ਸੀਸੀਟੀਵੀ ਦੀ ਡੀਵੀਆਰ ਚੋਰੀ ਕੀਤੀ ਗਈ ਤੇ ਹਮਲਾਵਰਾਂ ਨੇ ਬਾਹਰ ਖੜ੍ਹੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ। ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਹੈ ਕਿ ਇਸ ਲੜਾਈ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ, ਪ੍ਰੀਤ ਮਹਿੰਦਰ ਸਿੰਘ, ਸੁਰਿੰਦਰ ਸਿੰਘ ਸ਼ਿੰਦੀ, ਸਰੂਪ ਸਿੰਘ ਤੇ ਪਾਲ ਸਿੰਘ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਸਰੂਪ ਸਿੰਘ, ਪਾਲ ਸਿੰਘ, ਗਗਨਦੀਪ ਸਿੰਘ, ਹਰਬੰਸ ਸਿੰਘ, ਅਜੈਪਾਲ ਸਿੰਘ ਗਰੇਵਾਲ, ਮਾਸਟਰ ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ ਸ਼ਿੰਦੀ ਤੇ ਬਲਜੀਤ ਸਿੰਘ ਤੇ ਅਣਪਛਾਤਿਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ।