ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 28 ਮਈ
ਇਥੇ ਥਾਣਾ ਵੈਰੋਵਾਲ ਦੀ ਪੁਲੀਸ ਨੇ ਗੈਂਗਵਾਰ ਨੂੰ ਅੰਜਾਮ ਦੇਣ ਜਾਂਦੇ ਗਰੋਹ ਦੇ ਸਰਗਨੇ ਸਮੇਤ 5 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ 8 ਨੌਜਵਾਨ ਹਥਿਆਰਾਂ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ, ਜਿਨ੍ਹਾਂ ਵਿੱਚੋਂ ਪੁਲੀਸ ਨੇ 5 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ, ਜਦਕਿ 3 ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ। ਮੁਲਜ਼ਮਾਂ ਦੀ ਪਛਾਣ ਗਰੋਹ ਦੇ ਸਰਗਨੇ ਗੁਰਜੰਟ ਸਿੰਘ ਉਰਫ਼ ਜੰਟਾ, ਗੁਰਸਾਹਿਬ ਸਿੰਘ ਉਰਫ ਸਾਬਾ, ਸੁਖਰਾਜ ਸਿੰਘ ਉਰਫ ਖਾਜਾ ਤੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪੱਤੀ ਬੱਸੀ ਕੀ ਖਡੂਰ ਸਾਹਿਬ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇਕ 315 ਬੋਰ ਦਾ ਦੇਸੀ ਪਿਸਤੌਲ, 5 ਕਾਰਤੂਸ, ਇਕ ਕਿਰਚ, ਇਕ ਦਾਤਰ ਬਰਾਮਦ ਹੋਇਆ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਸੋਮਵਾਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।