ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਫਰਵਰੀ
ਵਿਧਾਨ ਸਭਾ ਚੋਣਾਂ ਲਈ ਬੀਤੇ ਦਿਨ ਹੋਏ ਮਤਦਾਨ ਦੌਰਾਨ ਪਹਿਲੀ ਵਾਰ ਵੋਟ ਪਾਉਣ ਆਏ ਮੁੰਡੇ-ਕੁੜੀਆਂ ਵਿੱਚ ਹੋਰਨਾਂ ਨਾਲੋਂ ਵਧੇਰੇ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਤੋਂ ਰਵਾਇਤੀ ਸਿਆਸੀ ਪਾਰਟੀਆਂ ਕੁਝ ਫਿਕਰਮੰਦ ਨਜ਼ਰ ਆ ਰਹੀਆਂ ਹਨ। ਚੋਣ ਪ੍ਰਚਾਰ ਤੇ ਵੋਟਾਂ ਭੁਗਤਾਉਣ ਤੋਂ ਵਿਹਲੇ ਹੋਏ ਉਮੀਦਵਾਰ ਤੇ ਸਿਆਸੀ ਪਾਰਟੀਆਂ ਥਕਾਵਟ ਲਾਹੁਣ ਦੇ ਨਾਲ-ਨਾਲ ਮੰਥਨ ਵੀ ਕਰ ਰਹੇ ਹਨ। ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਬਹੁਗਿਣਤੀ ਮੁੰਡੇ-ਕੁੜੀਆਂ ਨੇ ਕਿਸੇ ਦੇ ਪ੍ਰਭਾਵ ਹੇਠ ਵੋਟ ਪਾਉਣ ਦੀ ਥਾਂ ਆਪਣੀ ਮਰਜ਼ੀ ਮੁਤਾਬਕ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਦੇ ਮਾਪੇ ਤੇ ਪਰਿਵਾਰ ਭਾਵੇਂ ਰਵਾਇਤੀ ਪਾਰਟੀਆਂ ਦੇ ਪੱਕੇ ਵੋਟਰ ਕਿਉਂ ਨਾ ਰਹੇ ਹੋਣ ਪਰ ਨਵੀਂ ਪੀੜ੍ਹੀ ਨੇ ਨਵੀਂ ਸੋਚ ਨਾਲ ਵੋਟ ਪਾਈ ਹੈ। ਉਨ੍ਹਾਂ ਨੂੰ ਨਵੀਂ ਬਣਨ ਵਾਲੀ ਸਰਕਾਰ ਤੋਂ ਉਮੀਦਾਂ ਵੀ ਹਨ। ਪਹਿਲੀ ਵਾਰ ਵੋਟ ਪਾਉਣ ਵਾਲੀ ਇਥੋਂ ਦੀ ਜਸਪ੍ਰੀਤ ਕੌਰ ਨੇ ਕਿਹਾ ਕਿ ਜਿਹੜੀ ਵੀ ਨਵੀਂ ਸਰਕਾਰ ਬਣੇ ਉਹ ਪੰਜਾਬ ਦੀ ਬਿਹਤਰੀ ਲਈ ਕੰਮ ਕਰੇ। ਇਸੇ ਤਰ੍ਹਾਂ ਸਾਨੀਆ ਨੇ ਪਹਿਲੀ ਵਾਰ ਵੋਟ ਦੇਣ ਤੋਂ ਬਾਅਦ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਹੈ ਕਿ ਉਸ ਨੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵਿਧਾਨ ਸਭਾ ਲਈ ਚੁਣਨ ਲਈ ਸੰਵਿਧਾਨ ਵੱਲੋਂ ਦਿੱਤੇ ਅਧਿਕਾਰ ਦੀ ਵਰਤੋਂ ਕੀਤੀ ਹੈ। ਉਸ ਨੇ ਕਿਹਾ ਕਿ ਉਸ ਨੇ ਪਰਿਵਾਰ ਦੀ ਰਵਾਇਤ ਦੀ ਥਾਂ ਆਪਣੀ ਮਰਜ਼ੀ ਮੁਤਾਬਕ ਆਜ਼ਾਦ ਤੌਰ ’ਤੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਸਾਨੀਆ ਨੇ ਕਿਹਾ ਕਿ ਨਵੀਂ ਸਰਕਾਰ ਕੁੜੀਆਂ ਦੀ ਸੁਰੱਖਿਆ ਤੇ ਔਰਤਾਂ ਦੇ ਅਧਿਕਾਰਾਂ ਲਈ ਵਿਸ਼ੇਸ਼ ਕਦਮ ਚੁੱਕੇ।
ਇਸੇ ਤਰ੍ਹਾਂ ਜਗਰਾਉਂ ਦੇ ਮੋਰੀ ਗੇਟ ਇਲਾਕੇ ਦੇ ਰਹਿਣ ਵਾਲੇ ਰਮਨਜੋਤ ਸਿੰਘ ਨੇ ਵੀ ਪਹਿਲੀ ਵਾਰ ਵੋਟ ਪਾਈ। ਉਸ ਨੇ ਕਿਹਾ ਕਿ ਪਰਿਵਾਰ ਦਹਾਕਿਆਂ ਤੋਂ ਇਕ ਹੀ ਪਾਰਟੀ ਨੂੰ ਵੋਟ ਪਾਉਂਦਾ ਆਇਆ ਹੈ, ਜਦਕਿ ਉਸ ਨੇ ਆਪਣੀ ਮਰਜ਼ੀ ਨਾਲ ਕਿਸੇ ਹੋਰ ਨੂੰ ਵੋਟ ਪਾਈ ਹੈ।
ਉਸ ਨੇ ਕਿਹਾ ਕਿ ਸੱਤਾ ’ਚ ਆਉਣ ਵਾਲੀ ਨਵੀਂ ਪਾਰਟੀ ਨੌਜਵਾਨ ਨੂੰ ਰੁਜ਼ਗਾਰ ਦੇਣ ਵੱਲ ਵੱਧ ਧਿਆਨ ਦੇਵੇ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਬੇਰੁਜ਼ਗਾਰੀ ਹੈ। ਪਹਿਲੀ ਵਾਰ ਤੇ ਤੀਹ ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵੱਲੋਂ ਵੱਧ ਚੜ੍ਹ ਕੇ ਵੋਟ ਪਾਉਣ ਨੂੰ ਲੈ ਕੇ ਰਵਾਇਤੀ ਪਾਰਟੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਇਹ ਵੋਟ ਉਨ੍ਹਾਂ ਦੇ ਉਲਟ ਭੁਗਤੀ ਹੋ ਸਕਦੀ ਹੈ।
ਵੋਟ ਪਾ ਕੇ ਖੁਸ਼ ਹੈ 109 ਸਾਲਾ ਬੇਬੇ ਨਿਹਾਲ ਕੌਰ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਇੱਥੋਂ ਨੇੜਲੇ ਪਿੰਡ ਸੰਗਰਾਨਾ ਦੀ 109 ਸਾਲਾ ਬੇਬੇ ਨਿਹਾਲ ਕੌਰ ਆਪਣੀ ਵੋਟ ਪਾ ਕੇ ਖੁਸ਼ ਨਜ਼ਰ ਆਈ। ਬੂਥ ਲੈਵਲ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਮਾਤਾ ਨਿਹਾਲ ਕੌਰ ਨੂੰ ਵੋਟ ਪਵਾਉਣ ਵਿੱਚ ਚੋਣ ਅਮਲੇ ਨੇ ਮਦਦ ਕੀਤੀ। ਉਸ ਨੂੰ ਵ੍ਹੀਲ ਚੇਅਰ ’ਤੇ ਬਿਠਾ ਕੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਹੋਰ ਵੀ ਕਈ ਵੋਟਰ ਵੋਟ ਪਾਉਣ ਆਏ। ਪਿੰਡ ਦੇ ਬੂਥ ਨੰਬਰ ਬੂਥ ਨੰਬਰ 61 ਦੀ ਵੋਟ ਫ਼ੀਸਦ, 83 ਅਤੇ ਬੂਥ ਨੰਬਰ 62 ਦੀ ਵੋਟ ਫ਼ੀਸਦ 87 ਰਹੀ ਹੈ|