ਕੇ.ਪੀ. ਸਿੰਘ
ਗੁਰਦਾਸਪੁਰ, 26 ਸਤੰਬਰ
ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 58ਵੀਂ ਬਟਾਲੀਅਨ ਦੇ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀਓਪੀ ਚੱਕਰੀ ਦੇ ਜਵਾਨਾਂ ਵੱਲੋਂ ਐਤਵਾਰ ਰਾਤ ਨੂੰ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ ਕੀਤੀ ਗਈ ਅਤੇ ਰੋਸ਼ਨੀ ਵਾਲੇ ਬੰਬ ਵੀ ਦਾਗੇ ਗਏ। ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਐਤਵਾਰ ਰਾਤ ਨੂੰ 9.40 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਚੌਂਤਰਾ ਪੋਸਟ ਨੇੜਿਓਂ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਇਸ ’ਤੇ ਬੀਐੱਸਐੱਫ ਦੀ ਨਾਲ ਲੱਗਦੀ ਪੋਸਟ ਚੱਕਰੀ ਦੇ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ 48 ਦੇ ਕਰੀਬ ਰੌਂਦ ਫਾਇਰ ਕੀਤੇ ਅਤੇ 10 ਰੋਸ਼ਨੀ ਛੱਡਣ ਵਾਲੇ ਈਲੂ ਬੰਬ ਦਾਗੇ। ਕਰੀਬ 9.55 ਵਜੇ ਚੱਕਰੀ ਪੋਸਟ ਨੇੜਿਓਂ ਇਹ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਡੀਆਈਜੀ ਨੇ ਦੱਸਿਆ ਕਿ ਸਬੰਧਤ ਖੇਤਰ ਵਿੱਚ ਪੁਲੀਸ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤੱਕ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਹੈ।