ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 27 ਅਪਰੈਲ
ਇੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ ਅੱਜ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਮਾਗਮ ਕਰਵਾਇਆ ਗਿਆ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਹਰੇਕ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਬਹੁਤ ਜਲਦੀ ਲਾਗੂ ਕੀਤੀ ਜਾਵੇਗੀ।
ਉਨ੍ਹਾਂ ਨਾਲ ਹੀ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਜਲਦ ਪੂਰੀ ਕੀਤੀ ਜਾਵੇਗੀ। ਉਨ੍ਹਾਂ ਇਸ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਘੱਟ ਹੋਣ ’ਤੇ ਚਿੰਤਾ ਪ੍ਰਗਟ ਕਰਦਿਆਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਭਰੋਸਾ ਦਿੱਤਾ ਕਿ ਭਰੂਣ ਹੱਤਿਆ ਵਰਗੀਆਂ ਲਾਹਨਤਾਂ ਖਿਲਾਫ਼ ਡਟ ਕੇ ਲੜਾਈ ਲੜੀ ਜਾਵੇਗੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਅਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਉਨ੍ਹਾਂ ਨੂੰ ‘ਜੀ ਆਇਆਂ’ ਕਿਹਾ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਏਪੀਐੱਸ ਸੰਧੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਇਸ ਦੌਰਾਨ ਕਲਾਲ ਮਾਜਰਾ, ਜਵੰਦਾ, ਜਲਵੇੜੀ ਗਹਿਲਾ ਪਿੰਡਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਦਾ ਲਿੰਗ ਅਨੁਪਾਤ ਵਿੱਚ ਪਿਛਲੇ ਛੇ ਸਾਲਾਂ ਵਿਚ ਵਧੀਆ ਪ੍ਰਦਰਸ਼ਨ ਰਿਹਾ ਹੈ। ਉਨ੍ਹਾਂ ਨੂੰ 20- 20 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ ਗੀਤ ਅਤੇ ਨਾਟਕ ਵੀ ਪੇਸ਼ ਕੀਤੇ। ਇਸ ਮੌਕੇ ਨਵਜੰਮੀਆਂ ਬੱਚੀਆਂ, ਉਨ੍ਹਾਂ ਦੀਆਂ ਮਾਵਾਂ, 13 ਖਿਡਾਰਨਾਂ ਦਾ ਸਨਮਾਨ ਕੀਤਾ ਗਿਆ। ਫ਼ਿਲਮ ‘ਗੁੱਡੀ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।