ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਬਿਜਲੀ ਐਕਸਚੇਂਜ ਦਰਾਂ ’ਚ ਹੋਈ ਕਟੌਤੀ ਨੇ ਪਾਵਰਕੌਮ ਨੂੰ ਵਿੱਤੀ ਰਾਹਤ ਦਿੱਤੀ ਹੈ ਪਰ ਸੂਬੇ ਵਿੱਚ ਬਿਜਲੀ ਸੰਕਟ ਬਰਕਰਾਰ ਹੈ। ਉਂਜ, ਐਕਸਚੇਂਜ ’ਚੋਂ ਸਸਤੀ ਬਿਜਲੀ ਮਿਲਣ ਕਰ ਕੇ ਪਾਵਰਕੌਮ ਨੇ ਆਪਣਾ ਲਹਿਰਾ ਮੁਹੱਬਤ ਤਾਪਘਰ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਹੈ। ਦੱਖਣੀ ਸੂਬਿਆਂ ਵਿੱਚ ਮੀਂਹ ਤੇ ਤੂਫ਼ਾਨ ਆਉਣ ਕਰਕੇ ਬਿਜਲੀ ਦੀ ਮੰਗ ਕਾਫ਼ੀ ਘੱਟ ਗਈ ਹੈ, ਜਿਸ ਨਾਲ ਬਿਜਲੀ ਐਕਸਚੇਂਜ ਵਿੱਚ ਦਰਾਂ ਹੇਠਾਂ ਆ ਗਈਆਂ ਹਨ ਤੇ ਪੰਜਾਬ ਨੂੰ ਇਸ ਨਾਲ ਆਸਰਾ ਮਿਲਿਆ ਹੈ। ਅੱਜ ਐਤਵਾਰ ਵਾਲੇ ਦਿਨ ਬਿਜਲੀ ਦੀ ਮੰਗ 9700 ਮੈਗਾਵਾਟ ਰਹੀ, ਜਦਕਿ ਬੀਤੇ ਕੱਲ੍ਹ ਇਹ ਮੰਗ 10,900 ਮੈਗਾਵਾਟ ਨੂੰ ਛੂਹ ਗਈ ਸੀ। ਵੇਰਵਿਆਂ ਅਨੁਸਾਰ ਪਾਵਰਕੌਮ ਨੇ ਅੱਜ ਲਹਿਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਹੈ ਤੇ ਇਸੇ ਤਰ੍ਹਾਂ ਰੋਪੜ ਤਾਪਘਰ ਦਾ ਵੀ ਇੱਕ ਯੂਨਿਟ ਬੰਦ ਰੱਖਿਆ ਹੋਇਆ ਹੈ। ਪਾਵਰਕੌਮ ਨੂੰ ਇਸ ਵੇਲੇ ਕੋਲਾ ਆਧਾਰਿਤ ਥਰਮਲਾਂ ਤੋਂ ਜ਼ਿਆਦਾ ਸਸਤੀ ਬਿਜਲੀ ਪਾਵਰ ਐਕਸਚੇਂਜ ਤੋਂ ਮਿਲ ਰਹੀ ਹੈ। ਪਾਵਰ ਐਕਸਚੇਂਜ ਵਿੱਚ ਹਫ਼ਤਾ ਕੁ ਪਹਿਲਾਂ ਬਿਜਲੀ ਦੇ ਭਾਅ ਪ੍ਰਤੀ ਯੂਨਿਟ 12 ਰੁਪਏ ਸਨ, ਜੋ ਦੋ ਦਿਨ ਪਹਿਲਾਂ 5 ਰੁਪਏ ਪ੍ਰਤੀ ਯੂਨਿਟ ’ਤੇ ਆ ਗਏ ਸਨ, ਜਦਕਿ ਅੱਜ ਇਹ ਬਿਜਲੀ 3.35 ਰੁਪਏ ਪ੍ਰਤੀ ਯੂਨਿਟ ਖਰੀਦੀ ਗਈ ਹੈ। ਪਾਵਰਕੌਮ ਵੱਲੋਂ ਰੋਜ਼ਾਨਾ ਕਰੀਬ 1500 ਤੋਂ 2000 ਮੈਗਾਵਾਟ ਬਿਜਲੀ ਪਾਵਰ ਐਕਸਚੇਂਜ ’ਚੋਂ ਖ਼ਰੀਦ ਕੀਤੀ ਜਾ ਰਹੀ ਹੈ, ਜਿਸ ਦੀ ਕੀਮਤ ਮੋਟੇ ਤੌਰ ’ਤੇ 15 ਤੋਂ 20 ਕਰੋੜ ਬਣਦੀ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਮਈ ਦੇ ਮਹੀਨੇ ਦੌਰਾਨ ਬਿਜਲੀ ਦੀ ਮੰਗ 10,900 ਮੈਗਾਵਾਟ ਤੱਕ ਪੁੱਜੀ ਹੈ ਜਦਕਿ ਪਿਛਲੇ ਵਰ੍ਹੇ ਮਈ ਮਹੀਨੇ ਵਿੱਚ ਬਿਜਲੀ ਦੀ ਮੰਗ 6800 ਮੈਗਾਵਾਟ ਤੱਕ ਹੀ ਰਹੀ ਸੀ। ਇਸ ਵਾਰ ਅਗੇਤੀ ਗਰਮੀ ਕਰਕੇ ਪੰਜਾਬ ਵਿਚ ਬਿਜਲੀ ਦੀ ਮੰਗ ਵਧੀ ਹੈ।
ਪਿਛਲੇ ਸਾਲ ਮਈ ਮਹੀਨੇ ’ਚ ਪੰਜਾਬ ਦੇ ਸਾਰੇ ਥਰਮਲ ਪਲਾਂਟ ਦੇ ਸਿਰਫ਼ ਤਿੰਨ ਯੂਨਿਟ ਹੀ ਚੱਲ ਰਹੇ ਸਨ, ਜਦਕਿ ਐਤਕੀਂ ਸਾਰੇ ਥਰਮਲ ਯੂਨਿਟ ਭਖਾਉਣੇ ਪੈ ਰਹੇ ਹਨ। ਇਸੇ ਦੌਰਾਨ ਪਾਵਰਕੌਮ ਨੇ ਐਤਵਾਰ ਨੂੰ ਸਵੈ -ਇੱਛਾ ਨਾਲ ਹਫ਼ਤਾਵਾਰੀ ਬੰਦ ਰੱਖਣ ਵਾਲੀਆਂ ਸਨਅਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਤਵਾਰ ਦੀ ਥਾਂ ਕਿਸੇ ਹੋਰ ਦਿਨ ਹਫ਼ਤਾਵਾਰੀ ਬੰਦ ਰੱਖ ਲੈਣ ਤਾਂ ਜੋ ਐਤਵਾਰ ਦਾ ਲਾਹਾ ਲਿਆ ਜਾ ਸਕੇ। ਐਤਵਾਰ ਵਾਲੇ ਦਿਨ ਬਾਜ਼ਾਰ ਬੰਦ ਹੋਣ ਕਰਕੇ ਪਹਿਲਾਂ ਹੀ ਬਿਜਲੀ ਦੀ ਮੰਗ ਘੱਟ ਜਾਂਦੀ ਹੈ ਤੇ ਐਕਸਚੇਂਜ ਵਿੱਚ ਵੀ ਬਿਜਲੀ ਘਰ ਮੁੱਲ ’ਤੇ ਮਿਲਦੀ ਹੈ।
ਪੰਜਾਬ ਵਿੱਚ ਬਿਜਲੀ ਦਾ ਸੰਕਟ ਬਰਕਰਾਰ
ਮਾਨਸਾ (ਜੋਗਿੰਦਰ ਸਿੰਘ ਮਾਨ): ਸੂਬੇ ਦੇ ਸਭ ਤੋਂ ਵੱਡੇ ਸਰਕਾਰੀ ਤਾਪਘਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਅੱਜ ਤੀਜਾ ਯੂਨਿਟ ਵੀ ਬੰਦ ਹੋ ਗਿਆ। ਇਸ ਤਾਪਘਰ ਦੇ ਦੋ ਯੂਨਿਟ ਪਹਿਲਾਂ ਹੀ ਬੰਦ ਹਨ। ਉਧਰ ਭਾਵੇਂ ਤਲਵੰਡੀ ਸਾਬੋ ਤਾਪਘਰ ਦੇ 15 ਅਪਰੈਲ ਤੋਂ ਬੰਦ ਪਏ ਯੂਨਿਟ ਨੰਬਰ-2 ਵਿੱਚ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ, ਪਰ ਇਸ ਮਗਰੋਂ ਵੀ ਸੂਬੇ ਵਿੱਚ ਪੈਦਾ ਹੋਇਆ ਬਿਜਲੀ ਸੰਕਟ ਹਾਲੇ ਛੇਤੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜਾਣਕਾਰੀ ਅਨੁਸਾਰ ਅੱਜ ਸੂਬੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਭਾਈਵਾਲੀ ਵਾਲੇ ਥਰਮਲ ਪਲਾਂਟਾਂ ਵੱਲੋਂ ਬੀਤੇ ਕੱਲ੍ਹ ਨਾਲੋਂ ਵੀ ਘੱਟ ਬਿਜਲੀ ਉਤਪਾਦਨ ਹੋਇਆ ਹੈ। ਰਾਜ ਵਿੱਚ ਸਰਕਾਰੀ ਖੇਤਰ ਹੇਠ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ 640 ਮੈਗਾਵਾਟ ਅਤੇ ਪ੍ਰਾਈਵੇਟ ਖੇਤਰ ਵਾਲੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ, ਐੱਲ ਐਂਡ ਟੀ ਰਾਜਪੁਰਾ ਅਤੇ ਗੋਇੰਦਵਾਲ ਜੀਵੀਕੇ ਵੱਲੋਂ ਕੁੱਲ 2399 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੁਲ 1980 ਮੈਗਾਵਾਟ ਦੀ ਸਮਰੱਥਾ ਵਾਲੇ ਤਲਵੰਡੀ ਸਾਬੋ ਤਾਪਘਰ ਵਿੱਚ ਅੱਜ ਯੂਨਿਟ-1 ਵੱਲੋਂ 390, ਯੂਨਿਟ-2 ਵੱਲੋਂ 101 ਤੇ ਯੂਨਿਟ-3 ਵੱਲੋਂ 425 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ ਹੈ। ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ, ਪਰ ਇਥੇ ਅੱਜ ਯੂਨਿਟ-3 ਬੰਦ ਹੋ ਜਾਣ ਕਾਰਨ ਸਿਰਫ਼ ਯੂਨਿਟ-4 ਵੱਲੋਂ 166 ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ। ਚਾਰ ਯੂਨਿਟਾਂ ਵਾਲੇ ਇਸ ਥਰਮਲ ਪਲਾਂਟ ਦੇ 1 ਅਤੇ 2 ਨੰਬਰ ਯੂਨਿਟ ਬੀਤੇ ਦਿਨ ਬੰਦ ਹੋ ਗਏ ਸਨ ਤੇ 3 ਨੰਬਰ ਯੂਨਿਟ ਵਿੱਚ ਅੱਜ ਕੋਈ ਤਕਨੀਕੀ ਖ਼ਰਾਬੀ ਆ ਗਈ। ਇਸੇ ਤਰ੍ਹਾਂ 140 ਮੈਗਾਵਾਟ ਦੀ ਕੁਲ ਸਮਰੱਥਾ ਵਾਲੇ ਰਾਜਪੁਰਾ ਦੇ ਐੱਲ ਐਂਡ ਟੀ ਤਾਪਘਰ ਦੇ ਦੋਵੇਂ ਯੂਨਿਟ ਭਖ ਰਹੇ ਹਨ, ਜਿਨ੍ਹਾਂ ਵੱਲੋਂ 676 ਅਤੇ 659 ਮੈਗਵਾਟ ਬਿਜਲੀ ਸਪਲਾਈ ਕੀਤੀ ਗਈ ਹੈ। ਦੂਜੇ ਪਾਸੇ ਜੀਵੀਕੇ ਗੋਇੰਦਵਾਲ ਦਾ ਯੂਨਿਟ-1 ਬੰਦ ਚੱਲਿਆ ਆ ਰਿਹਾ ਹੈ ਤੇ ਇਸ ਦੇ ਯੂਨਿਟ ਨੰਬਰ-2 ਵੱਲੋਂ 148 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ ਹੈ।
ਘਨੌਲੀ (ਜਗਮੋਹਨ ਸਿੰਘ): ਥਰਮਲ ਪਲਾਂਟ ਰੂਪਨਗਰ ਦੇ ਯੂਨਿਟ-3 ਦੇ ਈਐੱਸਪੀ ਵਿੱਚ ਪਈ ਸੁਆਹ ਦਾ ਨਬਿੇੜਾ ਨਾ ਹੋਣ ਕਾਰਨ ਇਹ ਯੂਨਿਟ ਅੱਜ ਵੀ ਚਾਲੂ ਨਹੀਂ ਹੋ ਸਕਿਆ ਤੇ ਯੂਨਿਟ-6 ਨੂੰ ਪਹਿਲਾਂ ਹੀ ਕਾਫੀ ਘੱਟ ਰਫ਼ਤਾਰ ’ਤੇ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਥਰਮਲ ਪਲਾਂਟ ਰੂਪਨਗਰ ਦੇ 4 ਨੰਬਰ ਯੂਨਿਟ ਤੋਂ 188, 5 ਨੰਬਰ ਤੋਂ 179 ਤੇ 6 ਨੰਬਰ ਯੂਨਿਟ ਤੋਂ 167 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ।