ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303.62 ਕਰੋੜ ਰੁਪਏ ਦੀ ਲੋੜ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ

ਪੰਜਾਬ ਸਰਕਾਰ ਨੇ ਗੰਭੀਰ ਵਿੱਤੀ ਸੰਕਟ ਦੇ ਮੱਦੇਨਜ਼ਰ ਪੰਜਾਬ ਭਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਰੋਕ ਦਿੱਤੀ ਹੈ। ਵਿੱਤ ਵਿਭਾਗ ਵਲੋਂ ਸਿਰਫ਼ ਦਰਜਾ ਚਾਰ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੀ ਤਨਖ਼ਾਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਤਨਖ਼ਾਹਾਂ ਲਈ ਫ਼ੰਡਾਂ ਦੇ ਯੋਗ ਪ੍ਰਬੰਧ ਜੁਟਾ ਨਹੀਂ ਸਕੀ, ਜਿਸ ਕਾਰਨ ਐਤਕੀਂ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ ਜਾ ਸਕੀ ਹੈ। ਸੂਬਾ ਸਰਕਾਰ ਨੂੰ ਪ੍ਰਤੀ ਮਹੀਨਾ ਤਨਖ਼ਾਹ ਲਈ 2303.62 ਕਰੋੜ ਰੁਪਏ ਦੀ ਲੋੜ ਹੈ।

ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ ਰੋਕਣ ਨਾਲ ਮੁਲਾਜ਼ਮਾਂ ਵਿਚ ਰੋਸ ਪੈਦਾ ਹੋ ਗਿਆ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਫੰਡਾਂ ਦਾ ਪ੍ਰਬੰਧ ਹੋ ਜਾਵੇਗਾ, ਉਦੋਂ ਹੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ। ਫ਼ਿਲਹਾਲ ਇਕੱਲੇ ਦਰਜਾ ਚਾਰ ਮੁਲਾਜ਼ਮਾਂ ਨੂੰ ਤਨਖ਼ਾਹ ਜਾਰੀ ਕੀਤੀ ਜਾਵੇਗੀ। ਪੰਜਾਬ ਵਿਚ ਕਰੀਬ 45 ਹਜ਼ਾਰ ਦਰਜਾ ਚਾਰ ਮੁਲਾਜ਼ਮ ਹਨ ਜਦਕਿ ਬਾਕੀ ਤਿੰਨ ਲੱਖ ਮੁਲਾਜ਼ਮ ਤਨਖ਼ਾਹ ਤੋਂ ਵਾਂਝੇ ਰਹਿਣਗੇ। ਸੂਤਰਾਂ ਅਨੁਸਾਰ ਵਿੱਤ ਵਿਭਾਗ ਨੇ ਜ਼ੁਬਾਨੀ ਹੁਕਮ ਜਾਰੀ ਕਰਕੇ ਤਨਖ਼ਾਹਾਂ ਰੋਕੀਆਂ ਹਨ।

ਵੇਰਵਿਆਂ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਪੈਨਸ਼ਨਾਂ ਅਤੇ ਵਿਆਜ਼ ਅਦਾਇਗੀ ਵਿਚ ਹਰ ਮਹੀਨੇ ਕਰੀਬ 1,022 ਕਰੋੜ ਰੁਪਏ ਦੀ ਕਟੌਤੀ ਕਰ ਲਈ ਜਾਂਦੀ ਹੈ। ਪੰਜਾਬ ਸਰਕਾਰ ਇਸ ਗੱਲੋਂ ਔਖ ਵਿਚ ਹੈ ਕਿ ਕੇਂਦਰੀ ਟੈਕਸਾਂ ’ਚੋਂ ਰਾਜ ਦਾ ਬਣਦਾ ਹਿੱਸਾ 850 ਕਰੋੜ ਰੁਪਏ ਪ੍ਰਤੀ ਮਹੀਨਾ ਜਾਰੀ ਨਹੀਂ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਨੇ ਅਪਰੈਲ-ਜੁਲਾਈ ਦਾ ਬਣਦਾ ਜੀ.ਐੱਸ.ਟੀ. ਵੀ ਜਾਰੀ ਨਹੀਂ ਕੀਤਾ ਹੈ। ਰਾਜ ਸਰਕਾਰ ਦੇ ਆਪਣੇ ਮਾਲੀਆ ਸਰੋਤਾਂ ਵਿਚ ਭਾਰੀ ਗਿਰਾਵਟ ਆਈ ਹੈ।

ਵਿੱਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਾਜ ਵਿਕਾਸ ਕਰਜ਼ ਲਈ ਮਾਰਕੀਟ ’ਚੋਂ 1500 ਕਰੋੜ ਰੁਪੲੇ ਦੇ ਫੰਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੋ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖਿਆ ਹੈ, ਜਿਸ ’ਚ ਜੀਐੱਸਟੀ ਮੁਆਵਜ਼ੇ ਦੇ ਮਾਮਲੇ ’ਤੇ ਕੇਂਦਰੀ ਅਸਮਰੱਥਾ ’ਤੇ ਇਤਰਾਜ਼ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਰਾਜ ਪ੍ਰਭਾਵਿਤ ਹੋਣਗੇ ਕਿਉਂਕਿ ਮਾਲੀਏ ਦਾ ਵੱਡਾ ਸਰੋਤ ਜੀਐੱਸਟੀ ਹੀ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖ਼ਰਚੇ ਘਟਾਉਣ ਲਈ ਮੋਬਾਈਲ ਭੱਤੇ ਅਤੇ ਤੇਲ ਖ਼ਰਚ ’ਤੇ ਵੀ ਕੱਟ ਲਾ ਦਿੱਤਾ ਹੈ। ਮੋਬਾਈਲ ਭੱਤਿਆਂ ’ਤੇ ਕੱਟ ਲਾਏ ਜਾਣ ਨਾਲ ਰਾਜ ਸਰਕਾਰ ਨੂੰ ਕਰੀਬ 40 ਕਰੋੜ ਰੁਪਏ ਦੀ ਬੱਚਤ ਹੋਣੀ ਹੈ।

ਸਰਕਾਰ ਫ਼ੌਰੀ ਤਨਖ਼ਾਹ ਰਿਲੀਜ਼ ਕਰੇ: ਸਿੱਧੂ

ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਮੇਘ ਸਿੰਘ ਸਿੱਧੂ ਅਤੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਤੋਂ ਇਲਾਵਾ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੇ ਤਨਖ਼ਾਹਾਂ ਰੋਕੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੋਵਿਡ-19 ਦੌਰਾਨ ਸਾਰੇ ਮੁਲਾਜ਼ਮ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਕਰ ਰਹੇ ਹਨ। ਸਰਕਾਰ ਮੁਲਾਜ਼ਮਾਂ ਨੂੰ ਹੀ ਹਮੇਸ਼ਾ ਨਿਸ਼ਾਨੇ ’ਤੇ ਲੈਂਦੀ ਹੈ ਜਦੋਂ ਕਿ ਵਿਧਾਇਕਾਂ ਤੇ ਵਜ਼ੀਰਾਂ ਦੀ ਕਦੇ ਕੋਈ ਤਨਖ਼ਾਹ ਨਹੀਂ ਰੁਕੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫ਼ੌਰੀ ਤਨਖ਼ਾਹਾਂ ਰਿਲੀਜ਼ ਕਰੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All