ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਈ
ਪੰਜਾਬ ਵਿੱਚ ਗਰਮੀ ਕਾਰਨ ਨੁਕਸਾਨੀ ਕਣਕ ਦੀ ਫ਼ਸਲ ’ਤੇ ਰਾਹਤ ਦੇਣ ਦੀ ਪ੍ਰਕਿਰਿਆ ਨੂੰ ਕੇਂਦਰੀ ਖ਼ੁਰਾਕ ਮੰਤਰਾਲਾ ਹੁਣ ਅੰਤਿਮ ਛੋਹਾਂ ਦੇਣ ਲੱਗਾ ਹੈ। ਕੇਂਦਰੀ ਟੀਮਾਂ ਨੇ ਖੁਰਾਕ ਮੰਤਰਾਲੇ ਨੂੰ ਬੀਤੇ ਦਿਨ ਪੰਜਾਬ ’ਚ ਕਣਕ ਦੇ ਨਮੂਨਿਆਂ ਦੀ ਜਾਂਚ ਦੀਆਂ ਰਿਪੋਰਟਾਂ ਦੇ ਦਿੱਤੀਆਂ ਹਨ। ਇਨ੍ਹਾਂ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਕੇਂਦਰੀ ਮੰਤਰਾਲਾ ਫ਼ੈਸਲਾ ਲਵੇਗਾ। ਚੇਤੇ ਰਹੇ ਕਿ ਮਾਰਚ ਮਹੀਨੇ ਵਿਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਕਰਕੇ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਕਣਕ ਦਾ ਝਾੜ ਵੀ ਘੱਟ ਨਿਕਲਿਆ ਹੈ।
ਪਤਾ ਲੱਗਾ ਹੈ ਕਿ ਸੁੰਗੜੇ ਦਾਣਿਆਂ ਦਾ ਮਿਆਰ 10 ਤੋਂ 22 ਫ਼ੀਸਦੀ ਤੱਕ ਪਾਇਆ ਗਿਆ ਹੈ ਜਦਕਿ ਇਹ ਛੇ ਫ਼ੀਸਦੀ ਦੇ ਦਾਇਰੇ ਵਿਚ ਹੋਣੇ ਚਾਹੀਦੇ ਹਨ। ਕੇਂਦਰੀ ਖੁਰਾਕ ਮੰਤਰਾਲੇ ਨੂੰ ਭੇਜੀ ਰਿਪੋਰਟ ਅਨੁਸਾਰ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਕਣਕ ਦੀ ਫ਼ਸਲ ਸਭ ਤੋਂ ਵੱਧ ਨੁਕਸਾਨੀ ਗਈ ਹੈ ਜਿਨ੍ਹਾਂ ਵਿਚ ਬਠਿੰਡਾ, ਮਾਨਸਾ, ਪਟਿਆਲਾ, ਮਾਲੇਰਕੋਟਲਾ, ਸੰਗਰੂਰ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਸ਼ਾਮਿਲ ਹਨ। ਅੰਮ੍ਰਿਤਸਰ ਤੇ ਤਰਨ ਤਾਰਨ ਵਿਚ ਸਭ ਨਮੂਨੇ ਨਿਸ਼ਚਿਤ ਮਾਪਦੰਡਾਂ ’ਤੇ ਪੂਰੇ ਉੱਤਰੇ ਹਨ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਵਿਚ ਫ਼ਸਲ ਦਾ ਨੁਕਸਾਨ ਬਹੁਤ ਘੱਟ ਪਾਇਆ ਗਿਆ ਹੈ। ਕੇਂਦਰ ਸਰਕਾਰ ਨੇ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਕਣਕ ਦੇ ਨਿਰਧਾਰਿਤ ਮਾਪਦੰਡਾਂ ਵਿਚ ਛੋਟ ਦੇਣ ਲਈ ਫ਼ੈਸਲਾ ਲਿਆ ਜਾਣਾ ਹੈ। ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਸਮੁੱਚੇ ਪੰਜਾਬ ਨੂੰ ਇੱਕੋ ਹਿਸਾਬ ਨਾਲ ਛੋਟ ਦੇਣ ਦਾ ਫ਼ੈਸਲਾ ਨਹੀਂ ਲਵੇਗਾ ਬਲਕਿ ਜ਼ਿਲ੍ਹਾਵਾਰ ਨੁਕਸਾਨ ਅਨੁਸਾਰ ਰਾਹਤ ਦਿੱਤੀ ਜਾ ਸਕਦੀ ਹੈ।
ਕੇਂਦਰ ਸਰਕਾਰ ਦੇ ਫ਼ੈਸਲੇ ਦਾ ਕਿਸਾਨੀ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਕਿਸਾਨ ਤਾਂ ਆਪਣੀ ਫ਼ਸਲ ਮੰਡੀਆਂ ਵਿੱਚ ਵੇਚ ਚੁੱਕੇ ਹਨ ਅਤੇ ਹੁਣ ਤੱਕ 1099 ਖ਼ਰੀਦ ਕੇਂਦਰ ਬੰਦ ਵੀ ਹੋ ਚੁੱਕੇ ਹਨ। ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਝਾੜ ਘੱਟ ਨਿਕਲਣ ਕਰਕੇ ਕਰੀਬ ਛੇ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਜੋ ਵੀ ਰਾਹਤ ਦਿੱਤੀ ਜਾਵੇਗੀ, ਉਸ ਨਾਲ ਪੰਜਾਬ ਸਰਕਾਰ ਨੂੰ ਹੀ ਵਿੱਤੀ ਮਦਦ ਮਿਲੇਗੀ। ਕੇਂਦਰ ਨੇ ਰਾਹਤ ਦੇਣ ਵਿਚ ਹੱਥ ਘੁੱਟਿਆ ਤਾਂ ਇਸ ਦਾ ਨੁਕਸਾਨ ਵੀ ਸੂਬਾ ਸਰਕਾਰ ਨੂੰ ਹੋਵੇਗਾ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦਾ ਫ਼ੈਸਲਾ ਇਸੇ ਹਫ਼ਤੇ ਸਾਹਮਣੇ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਖੁਰਾਕ ਮੰਤਰਾਲੇ ਵੱਲੋਂ ਕਣਕ ਦੇ ਸੁੰਗੜੇ ਦਾਣਿਆਂ ਦੀ ਜਾਂਚ ਲਈ ਦੋ ਵਾਰ ਨਮੂਨੇ ਲਏ ਗਏ ਹਨ। ਕੇਂਦਰੀ ਟੀਮਾਂ ਨੇ ਪਹਿਲਾਂ ਵਿਸਾਖੀ ਵਾਲੇ ਦਿਨ ਪੰਜਾਬ ’ਚੋਂ ਨਮੂਨੇ ਭਰਨੇ ਸ਼ੁਰੂ ਕੀਤੇ ਸਨ ਅਤੇ ਹੁਣ ਮੁੜ ਨਮੂਨੇ ਲਏ ਹਨ ਜਿਨ੍ਹਾਂ ਦੀ ਜਾਂਚ ਵੀ ਮੁਕੰਮਲ ਹੋ ਚੁੱਕੀ ਹੈ। ਪੰਜਾਬ ’ਚੋਂ ਪਹਿਲੇ ਗੇੜ ਵਿੱਚ 361 ਅਤੇ ਦੂਜੇ ਪੜਾਅ ਵਿਚ 500 ਤੋਂ ਜ਼ਿਆਦਾ ਨਮੂਨੇ ਲਏ ਗਏ ਹਨ।