ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਫਰਵਰੀ
ਗਿਆਨੀ ਗੁਰਦਿੱਤ ਸਿੰਘ ਦੀ ਪਤਨੀ ਅਤੇ ‘ਦਿ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਰੁਪਿੰਦਰ ਸਿੰਘ ਦੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਜਿਨ੍ਹਾਂ ਦਾ ਲੰਘੀ 27 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 7 ਫਰਵਰੀ ਨੂੰ ਦੁਪਹਿਰ 12 ਤੋਂ ਇੱਕ ਵਜੇ ਤੱਕ ਸੈਕਟਰ-11, ਚੰਡੀਗੜ੍ਹ ਦੇ ਗੁਰਦੁਆਰੇ ’ਚ ਪਵੇਗਾ। ਅੰਤਿਮ ਅਰਦਾਸ ਵਿੱਚ ਆਨਲਾਈਨ ਸ਼ਾਮਲ ਹੋਣ ਲਈ ਜ਼ੂਮ ਮੀਟਿੰਗ ਆਈਡੀ: 3957308688 ਤੇ ਪਾਸਵਰਡ ਅਰਦਾਸ (Ardas) ਹੈ। ਜ਼ਿਕਰਯੋਗ ਹੈ ਕਿ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨਾ ਸਿਰਫ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਸਗੋਂ ਉੱਤਰ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਮਹਿਲਾ ਵਾਈਸ ਚਾਂਸਲਰ ਰਹੇ ਸਨ। ਜਿਸ ਵੇਲੇ ਉਨ੍ਹਾਂ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ, ਉਸ ਵੇਲੇ ਉਨ੍ਹਾਂ ਸਮੇਤ ਪੂਰੇ ਵਿਸ਼ਵ ਵਿੱਚ ਸਿਰਫ਼ ਤਿੰਨ ਹੀ ਮਹਿਲਾਵਾਂ ਇਸ ਅਹੁਦੇ ਤੱਕ ਪਹੁੰਚ ਸਕੀਆਂ ਸਨ। ਉਹ 1980 ਵਿੱਚ ਸਟਾਫ਼ ਸਿਲੈਕਸ਼ਨ ਕਮਿਸ਼ਨ, ਨਵੀਂ ਦਿੱਲੀ ਦੀ ਚੇਅਰਮੈਨ ਬਣਨ ਵਾਲੇ ਵੀ ਪਹਿਲੇ ਮਹਿਲਾ ਅਧਿਕਾਰੀ ਸਨ। ਭਾਰਤ ਦੀ ਵੰਡ ਤੋਂ ਪਹਿਲਾਂ 1923 ਵਿੱਚ ਜਨਮੇ ਇੰਦਰਜੀਤ ਕੌਰ ਸੰਧੂ ਨੇ ਪਟਿਆਲਾ ਅਤੇ ਲਾਹੌਰ ਤੋਂ ਪੜ੍ਹਾਈ ਕੀਤੀ ਤੇ ਫਿਲਾਸਫੀ ਵਿੱਚ ਆਪਣੀ ਐੱਮਏ ਮੁਕੰਮਲ ਕਰਦਿਆਂ ਹੀ ਉਨ੍ਹਾਂ ਅਧਿਆਪਨ ਸ਼ੁਰੂ ਕਰ ਦਿੱਤਾ। ਨੌਕਰੀ ਦੇ ਨਾਲ ਨਾਲ ਉਨ੍ਹਾਂ ਪਹਿਲੀ ਵਾਰ ਸ਼ੁਰੂ ਕੀਤੀ ਗਈ ਪੰਜਾਬੀ ਵਿਸ਼ੇ ਦੀ ਐੱਮਏ ਦੀ ਡਿਗਰੀ ਵੀ ਹਾਸਲ ਕੀਤੀ। ਉਹ ਸੇਵਾਮੁਕਤੀ ਤੱਕ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਦੇ ਅਕਾਲ ਚਲਾਣੇ ਉੱਪਰ ਸੋਗ ਜਤਾਇਆ। ਵਾਈਸ ਚਾਂਸਲਰ ਪ੍ਰੋ.ਅਰਵਿੰਦ ਨੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।