ਭਗਵਾਨ ਦਾਸ ਸੰਦਲ
ਦਸੂਹਾ, 9 ਨਵੰਬਰ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਨੌਸ਼ਿਹਰਾ ਸੈਕਟਰ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਫਟਣ ਕਾਰਨ ਸ਼ਹੀਦ ਹੋਏ ਜਵਾਨ ਮਨਜੀਤ ਸਿੰਘ ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਪਿੰਡ ਖੇੜਾ ਕੋਟਲੀ ਵਿੱਚ ਹੋਈ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਅਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼ਰਧਾਂਜਲੀ ਸਮਾਗਮ ਵਿੱਚ ਤਹਿਸੀਲਦਾਰ ਨੂੰ ਛੱਡ ਕੇ ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸੱਤਾਧਾਰੀ ਧਿਰ ਦਾ ਕੋਈ ਵੀ ਆਗੂ ਨਹੀਂ ਪਹੁੰਚਿਆ। ਇਸ ਮੌਕੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਸਾਬਕਾ ਵਿਧਾਇਕਾ ਬੀਬੀ ਸੁਖਜੀਤ ਕੌਰ ਸਾਹੀ, ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ, ਕਰਨਲ ਜਰਨੈਲ ਸਿੰਘ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਬੋਰਡ, ਡੀਐੱਸਪੀ ਰਾਜ ਕੁਮਾਰ ਤੇ ਤਹਿਸੀਲਦਾਰ ਕਿਰਨਦੀਪ ਸਿੰਘ ਭੁੱਲਰ ਸਣੇ ਹੋਰਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਕਦੇ ਨਹੀਂ ਭੁਲਾਈ ਜਾ ਸਕਦੀ। ਇਸ ਦੌਰਾਨ ਕਰਨਲ ਜਰਨੈਲ ਸਿੰਘ ਨੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਪਿੰਡ ਵੱਲੋਂ ਮਾਸਟਰ ਜਰਨੈਲ ਸਿੰਘ ਘੁੰਮਣ ਨੇ ਸੰਗਤ ਦਾ ਧੰਨਵਾਦ ਕੀਤਾ। ਸੰਤ ਜਸਪਾਲ ਸਿੰਘ ਓਢਰਾ ਵਾਲੇ ਅਤੇ ਕਥਾਵਾਚਕ ਭਾਈ ਸੁਖਵੰਤ ਸਿੰਘ ਨੇ ਕਥਾ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਨਿਭਾਈ। ਇਸ ਮੌਕੇ ਅਜਮੇਰਪਾਲ ਸਿੰਘ ਘੁੰਮਣ, ਸੁਰਜੀਤ ਸਿੰਘ ਕੈਂਰੇ, ਐਡਵੋਕੇਟ ਭੁਪਿੰਦਰ ਸਿੰਘ ਰੰਧਾਵਾ, ਸਰਪੰਚ ਸੁਰਜੀਤ ਕੌਰ, ਰਾਜ ਗੁਰਸ਼ਰਨ ਸਿੰਘ ਬਲੱਗਣ, ਬਲਜੀਤ ਸਿੰਘ ਬੱਲੀ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।