ਜੋਗਿੰਦਰ ਸਿੰਘ ਮਾਨ
ਮਾਨਸਾ, 31 ਮਈ
ਮੁੱਖ ਅੰਸ਼
- ਅਦਾਕਾਰ ਤੇ ਸਿਆਸਤਦਾਨ ਵੀ ਹੋਏ ਸ਼ਾਮਲ
- ਅੰਤਿਮ ਯਾਤਰਾ ਮੌਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ
ਇਥੋਂ ਨੇੜਲੇ ਪਿੰਡ ਜਵਾਹਰਕੇ ਵਿੱਚ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕੀਤੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ ਪਿੰਡ ਮੂਸਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਦੀ ਬਜਾਏ ਸਿੱਧੂ ਪਰਿਵਾਰ ਦੇ ਖੇਤ ਵਿੱਚ ਕੀਤਾ ਗਿਆ। ਗਾਇਕ ਦੀ ਅੰਤਿਮ ਯਾਤਰਾ 5911 ਟਰੈਕਟਰ-ਟਰਾਲੀ ਉੱਤੇ ਕੱਢੀ ਗਈ। ਅੰਤਿਮ ਸੰਸਕਾਰ ਮੌਕੇ ਪਿੰਡ ਮੂਸਾ ਵਿੱਚ ਲੋਕਾਂ ਦਾ ਸੈਲਾਬ ਉਮੜ ਆਇਆ। ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਲੋਕ ਵੱਡੀ ਗਿਣਤੀ ਗਾਇਕ ਦੀ ਇਕ ਆਖਰੀ ਝਲਕ ਵੇਖਣ ਲਈ ਪੁੱਜੇ। ਇਸ ਮੌਕੇ ਫਿਲਮ ਅਦਾਕਾਰ ਤੇ ਸਿਆਸਤਦਾਨ ਵੀ ਮੌਜੂਦ ਸਨ। ਪਿੰਡ ਮੂਸਾ ’ਚ ਅੱਜ ਹਰ ਇਕ ਅੱਖ ਨਮ ਹੋਈ।
ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਮੌਕੇ ਨੌਜਵਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਲਗਾਏ। ਕਈ ਔਰਤਾਂ ਨੇ ਗਾਇਕ ਦੇ ਕਤਲ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਭੰਡਿਆ।
ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਅੱਜ ਸਵੇਰੇ ਜਦੋਂ ਉਨ੍ਹਾਂ ਦੇ ਘਰ ਪਿੰਡ ਮੂਸਾ ਪਹੁੰਚੀ ਤਾਂ ਉਸ ਦੇ ਹਜ਼ਾਰਾਂ ਪ੍ਰਸ਼ੰਸਕ ਅਤੇ ਪੂਰਾ ਪਿੰਡ ਭੁੱਬਾਂ ਮਾਰ ਕੇ ਰੋ ਪਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਲਾੜੇ ਵਾਂਗ ਸਜਾਇਆ ਗਿਆ। ਵੈਣ ਪਾਉਂਦੀ ਮਾਂ ਚਰਨ ਕੌਰ ਨੇ ਆਪਣੇ ਪੁੱਤ ਸਿੱਧੂ ਮੂਸੇਵਾਲਾ ਦਾ ਜੂੜਾ ਕੀਤਾ। ਪਿਤਾ ਬਲਕੌਰ ਸਿੰਘ ਨੇ ਨਾਭੀ ਰੰਗ ਦੀ ਪੱਗ ਬੰਨ੍ਹ ਕੇ ਆਪਣੇ ਪੁੱਤਰ ਦੇ ਸਿਹਰਾ ਸਜਾਇਆ ਅਤੇ ਉਸ ਨੂੰ ਅੰਤਿਮ ਵਿਦਾਇਗੀ ਦੇਣ ਤੋਂ ਪਹਿਲਾਂ ਆਪਣੇ ਪੁੱਤ ਦੀ ਲਾਸ਼ ਨੂੰ ਜੱਫੀ ਪਾ ਕੇ ਵੈਣ ਪਾਏ। ਸਿੱਧੂ ਮੂਸੇਵਾਲਾ ਟਰੈਕਟਰ 5911 ਦਾ ਸ਼ੌਕੀਨ ਸੀ। ਉਸ ਦੇ ਗੀਤਾਂ ਦੇ ਬੋਲ ਵਿੱਚ ਵੀ 5911 ਦਾ ਅਕਸਰ ਜ਼ਿਕਰ ਮਿਲਦਾ ਸੀ। ਇਸ ਕਰਕੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਮੌਕੇ ਟਰੈਕਟਰ 5911 ਤੇ ਟਰਾਲੀ ਨੂੰ ਫੋਟੋਆਂ ਅਤੇ ਹਾਰਾਂ ਨਾਲ ਸਜਾਇਆ ਗਿਆ, ਜਿਸ ’ਤੇ ਸਵਾਰ ਹੋ ਕੇ ਉਸ ਦੀ ਅੰਤਿਮ ਯਾਤਰਾ ਕੱਢੀ ਗਈ।
ਯਾਤਰਾ ਦੌਰਾਨ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਲਈ ਉਮੜੇ ਪਿਆਰ ਅਤੇ ਭੀੜ ਨੂੰ ਹੱਥ ਜੋੜੇ। ਪਿਤਾ ਨੇ ਪੱਗ ਲਾਹ ਕੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨ੍ਹਾਂ ਵੱਡਾ ਪਿਆਰ ਦੇਣ ਲਈ ਲੋਕਾਂ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੀਆਂ ਫੋਟੋਆਂ ਹੱਥਾਂ ਵਿੱਚ ਫੜ੍ਹੀਆਂ ਹੋਈਆਂ ਸਨ। ਕਈ ਥਾਵਾਂ ’ਤੇ ਉਸ ਦੇ ਗੀਤ ਵੀ ਵੱਜਦੇ ਨਜ਼ਰ ਆਏ। ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਦੀ ਬਜਾਏ ਉਸ ਦੇ ਖੇਤ ਵਿੱਚ ਕੀਤਾ ਗਿਆ। ਗਾਇਕ ਨੂੰ ਖੇਤਾਂ ਨਾਲ ਬਹੁਤ ਪਿਆਰ ਸੀ, ਜਿਸ ਕਰਕੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੀ ਮੰਗ ’ਤੇ ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਖੇਤ ਵਿੱਚ ਹੀ ਕੀਤਾ ਗਿਆ।
ਅੰਤਿਮ ਸੰਸਕਾਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਹੁੰਚੇ ਪ੍ਰਸ਼ੰਸਕ ਨਮ ਅੱਖਾਂ ਨਾਲ ਉੱਥੋਂ ਵਿਦਾ ਹੋਏ ਅਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਵੀ ਲਗਾਏ। ਪਿੰਡ ਦੀਆਂ ਔਰਤਾਂ ਨੇ ਵੈਣ ਪਾ ਕੇ ਪੰਜਾਬ ਸਰਕਾਰ ਨੂੰ ਕੋਸਿਆ ਅਤੇ ਕਿਹਾ ਕਿ ਅੱਜ ਪੰਜਾਬ ਦੀ ਫਿਜ਼ਾ ਖ਼ਰਾਬ ਹੋ ਚੁੱਕੀ ਹੈ। ਕੋਈ ਵਿਅਕਤੀ ਬਿਨਾਂ ਸੁਰੱਖਿਆ ਤੋਂ ਬਾਹਰ ਨਹੀਂ ਜਾ ਸਕਦਾ ਹੈ। ਭਗਵੰਤ ਮਾਨ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਬਣਦਾ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਕੁਲਵੀਰ ਸਿੰਘ ਜੀਰਾ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਫਿਲਮ ਅਦਾਕਾਰ ਗਿੱਪੀ ਗਰੇਵਾਲ, ਕੋਰਵਾਲਾ ਮਾਨ, ਆਰ.ਨੇਤ, ਐਮੀ ਵਿਰਕ, ਗਿੱਲ ਰੌਂਤਾ, ਅਫਸਾਨਾ ਖਾਨ ਆਦਿ ਮੌਜੂਦ ਸਨ। ਇਸ ਦੌਰਾਨ ਫਰੀਦਕੋਟ ਰੇਂਜ ਦੇ ਆਈ.ਜੀ ਪ੍ਰਦੀਪ ਕੁਮਾਰ ਯਾਦਵ, ਮਾਨਸਾ ਦੇ ਐਸਐਸਪੀ ਗੌਰਵ ਤੂਰਾ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਚੱਪੇ-ਚੱਪੇ ’ਤੇ ਪਹਿਰਾ ਬਿਠਾਇਆ ਹੋੋੋਇਆ ਸੀ।
ਇਕ ਮਹੀਨੇ ਬਾਅਦ ਸੀ ਵਿਆਹ
ਸਿੱਧੂ ਮੂਸੇਵਾਲਾ ਦੀ ਮੰਗਣੀ ਸੰਗਰੂਰ ਜ਼ਿਲ੍ਹੇ ਦੇ ਸੰਘਰੇੜੀ ਵਿੱਚ ਹੋਈ ਸੀ। ਪਹਿਲਾਂ ਚੋਣਾਂ ਵਿੱਚ ਖੜ੍ਹੇ ਹੋਣ ਕਰਕੇ ਇਸ ਵਿਆਹ ਨੂੰ ਅੱਗੇ ਪਾ ਦਿੱਤਾ ਗਿਆ ਸੀ, ਪਰ ਹੁਣ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਣ ਤੋਂ ਬਾਅਦ ਇਹ ਸਾਰੇ ਅਰਮਾਨ ਵਿੱਚ ਹੀ ਰਹਿ ਗਏ। ਪਰਿਵਾਰ ਨੇ ਉਸ ਨੂੰ ਨਾਭੀ ਪੱਗ ਅਤੇ ਸਿਹਰਾ ਬੰਨ੍ਹ ਕੇ ਹੰਝੂਆਂ ਨਾਲ ਵਿਦਾ ਕੀਤਾ। ਇਸ ਦੌਰਾਨ ਹਰ ਅੱਖ ਰੋਈ।
ਚਾਵਾਂ ਨਾਲ ਬਣਾਈ ਵੱਡੀ ਹਵੇਲੀ ’ਚ ਪਸਰਿਆ ਸੰਨਾਟਾ
ਸਿੱਧੂ ਮੂਸੇਵਾਲਾ ਨੇ ਬੜੇ ਸ਼ੌਕ ਨਾਲ ਪਿੰਡ ਅੰਦਰ ਹਵੇਲੀ ਬਣਾਈ ਸੀ ਅਤੇ ਉਸ ਦੇ ਨੇੜੇ ਕੁਝ ਜ਼ਮੀਨ ਵੀ ਖਰੀਦੀ ਸੀ। ਇਸ ਹਵੇਲੀ ਵਿੱਚ ਹੀ ਉਹ ਵਿਆਹ ਕਰਵਾਉਣ ਅਤੇ ਅਗਲੇ ਮਹੀਨੇ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ।
ਸਿੱਧੂ ਮੂਸੇਵਾਲਾ ਦੇ ਪਾਲੇ ਹੋਏ ਕੁੱਤਿਆਂ ਨੇ ਵੀ ਨਹੀਂ ਖਾਧੀ ਰੋਟੀ
ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਸ ਦੇ ਪਾਲੇ ਹੋਏ ਦੋ ਕੁੱਤਿਆਂ ਨੇ ਵੀ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਧਾ ਹੈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਇਨ੍ਹਾਂ ਜਾਨਵਰਾਂ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਮੋਹ ਸੀ, ਪਰ ਜਦੋਂ ਇਨ੍ਹਾਂ ਨੂੰ ਉਹ ਨਜ਼ਰ ਨਹੀਂ ਆਇਆ ਤਾਂ ਇਨ੍ਹਾਂ ਨੇ ਰੋਟੀ ਨੂੰ ਵੀ ਮੁੂੰਹ ਤੱਕ ਨਹੀਂ ਲਾਇਆ। ਉਸ ਦਿਨ ਤੋਂ ਹੀ ਉਹ ਬੇਸੁੱਧ ਹੋ ਕੇ ਡਿੱਗੇ ਪਏ ਹਨ।
ਪੁਲੀਸ ਟੀਮਾਂ ਦੇ ਹੱਥ ਤੀਜੇ ਦਿਨ ਵੀ ਖਾਲੀ
ਹਰਿਆਣਾ, ਦਿੱਲੀ, ਉੱਤਰਾਖੰਡ, ਰਾਜਸਥਾਨ ਤੇ ਯੂਪੀ ’ਚ ਛਾਪੇ
ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 31 ਮਈ
ਮੁੱਖ ਅੰਸ਼
- ਇੰਟੈਲੀਜੈਂਸ ਵਿੰਗ ਦੀ ਇਮਾਰਤ ’ਤੇ ਗ੍ਰਨੇਡ ਦਾਗਣ ਵਾਲੇ ਹੀ ਹੁਣ ਤੱਕ ਨਹੀਂ ਆਏ ਹੱਥ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਪੁਲੀਸ ਦੇ ਹੱਥ ਅੱਜ ਤੀਜੇ ਦਿਨ ਵੀ ਖਾਲੀ ਰਹੇ। ਉੱਧਰ ਪੁਲੀਸ ਵੱਲੋਂ ਸੂਬੇ ਵਿੱਚ ਅਜਿਹੇ ਵਿਅਕਤੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਜਿਨ੍ਹਾਂ ਵਿਅਕਤੀਆਂ ਨੂੰ ਗੈਂਗਸਟਰਾਂ ਤੋਂ ਕਿਸੇ ਤਰ੍ਹਾਂ ਦਾ ਖ਼ਤਰਾ ਹੈ। ਇਸੇ ਦੌਰਾਨ ਪੰਜਾਬ ਪੁਲੀਸ ਦੀਆਂ ਟੀਮਾਂ ਨੇ ਅਪਰਾਧੀਆਂ ਦੀ ਭਾਲ ਲਈ ਹਰਿਆਣਾ, ਦਿੱਲੀ, ਰਾਜਸਥਾਨ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ’ਚ ਛਾਪੇ ਮਾਰੇ ਹਨ। ਪੁਲੀਸ ਵੱਲੋਂ ਫਿਰੌਤੀ ਲਈ ਦੇਸ਼ ਜਾਂ ਵਿਦੇਸ਼ ਤੋਂ ਆਉਣ ਵਾਲੇ ਫੋਨ ਸਬੰਧੀ ਜਾਣਕਾਰੀ ਦੇਣ ਲਈ ਵੀ ਲੋਕਾਂ ਨੂੰ ਰਾਜ਼ੀ ਕੀਤਾ ਜਾ ਰਿਹਾ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਜ਼ਿਲ੍ਹਾ ਪੁਲੀਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਪੰਜਾਬ ਸਮੇਤ ਗੁਆਂਢੀ ਸੂਬਿਆਂ ’ਚ ਅਪਰਾਧੀਆਂ ਦੀ ਭਾਲ ਲਈ ਛਾਪਿਆਂ ਦੀ ਮੁਹਿੰਮ ਤਾਂ ਵਿੱਢੀ ਹੋਈ ਹੈ ਪਰ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੀ ਪੈੜ ਨੱਪਣ ’ਚ ਪੁਲੀਸ ਨੂੰ ਸਫ਼ਲਤਾ ਨਹੀਂ ਮਿਲੀ। ਇਸ ਅਧਿਕਾਰੀ ਮੁਤਾਬਕ ਅਪਰਾਧ ’ਚ ਵਰਤੀਆਂ ਗਈਆਂ ਕਾਰਾਂ ਸਮੇਤ ਹੋਰ ਕਈ ਤਰ੍ਹਾਂ ਦੇ ਸੁਰਾਗ ਤਾਂ ਹੱਥ ਲੱਗੇ ਹਨ ਪਰ ਅਸਲ ਦੋਸ਼ੀਆਂ ਤੱਕ ਪਹੁੰਚਣ ’ਚ ਪੁਲੀਸ ਨੂੰ ਸਮਾਂ ਲੱਗੇਗਾ। ਉੱਤਰਾਖੰਡ, ਦਿੱਲੀ ਅਤੇ ਪੰਜਾਬ ਵਿੱਚ ਪੁਲੀਸ ਵੱਲੋਂ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਤਾਂ ਲਿਆ ਗਿਆ ਹੈ ਪਰ ਇਨ੍ਹਾਂ ਵਿਅਕਤੀਆਂ ਦਾ ਹਾਲ ਦੀ ਘੜੀ ਮੂਸੇਵਾਲਾ ਦੇ ਕਤਲ ਨਾਲ ਸਿੱਧਾ ਸਬੰਧ ਸਥਾਪਤ ਨਹੀਂ ਹੋ ਸਕਿਆ। ਗੈਂਗਸਟਰਾਂ ਕੋਲ ਆਧੁਨਿਕ ਹਥਿਆਰਾਂ ਦੀਆਂ ਖੇਪਾਂ ਪਹੁੰਚਣ ਨੇ ਪੁਲੀਸ ਅਤੇ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੁਲੀਸ ਦਾ ਦਾਅਵਾ ਹੈ ਕਿ ਸਾਰੇ ਹਥਿਆਰ ਸਰਹੱਦ ਪਾਰੋਂ ਆਉਂਦੇ ਹਨ। ਪੰਜਾਬ ਪੁਲੀਸ ਦੀਆਂ ਟੀਮਾਂ ਵੱਲੋਂ ਮਾਨਸਾ ਜ਼ਿਲ੍ਹੇ ’ਚ ਘਟਨਾ ਵਾਲੇ ਦਿਨ ਅਤੇ ਉਸ ਤੋਂ ਬਾਅਦ ਵਰਤੇ ਗਏ ਮੋਬਾਈਲ ਫੋਨਾਂ ਦੀ ਪੁਣ-ਛਾਣ ਕੀਤੀ ਜਾ ਰਹੀ ਹੈ। ਪੁਲੀਸ ਨੂੰ ਮੋਬਾਈਲ ਫੋਨ ਦੀ ਲੀਡ ਨਾਲ ਹੀ ਕੁੱਝ ਹੱਥ-ਪੱਲੇ ਪੈਣ ਦੀ ਉਮੀਦ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੂੰ ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਵੱਡੇ ਅਪਰਾਧਾਂ ਵਿੱਚ ਵੀ ਜ਼ਿਆਦਾ ਸਫਲਤਾ ਨਹੀਂ ਮਿਲੀ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਇਮਾਰਤ ’ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ ਦੀ ਹੈ। ਪੁਲੀਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਪਨਾਹਗੀਰ, ਅਸਲਾ ਦੇਣ ਵਾਲੇ, ਰੇਕੀ ਕਰਨ ਵਾਲੇ ਅਤੇ ਹੋਰ ਮਦਦ ਦੇਣ ਵਾਲੇ ਤਾਂ ਫੜਨ ਦਾ ਦਾਅਵਾ ਉਸੇ ਵੇਲੇ ਕਰ ਦਿੱਤਾ ਪਰ ਜਿਨ੍ਹਾਂ ਵਿਅਕਤੀਆਂ ਨੇ ਰਾਕੇਟ ਲਾਂਚਰ ਨਾਲ ਇਮਾਰਤ ’ਤੇ ਗਰਨੇਡ ਦਾਗਿਆ ਸੀ ਉਹ ਪੁਲੀਸ ਦੇ ਹੱਥ ਨਹੀਂ ਆ ਸਕੇ। ਇਸੇ ਤਰ੍ਹਾਂ ਦਾ ਹਾਲ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨਾਲ ਸਬੰਧਤ ਤਫਤੀਸ਼ ’ਚ ਬਣਿਆ ਹੋਇਆ ਹੈ ਤੇ ਤੀਜੇ ਦਿਨ ਵੀ ਪੁਲੀਸ ਦੇ ਹੱਥ ਖਾਲੀ ਹਨ।
ਮੂਸੇਵਾਲਾ ਕਤਲ ਕੇਸ ’ਚ ਪਾਈ ਪਹਿਲੀ ਗ੍ਰਿਫ਼ਤਾਰੀ
ਮੂਸੇਵਾਲਾ ਕਤਲ ਕੇਸ ਵਿਚ ਪੰਜਾਬ ਪੁਲੀਸ ਨੇ ਅੱਜ ਪਹਿਲੀ ਗ੍ਰਿਫ਼ਤਾਰੀ ਪਾ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਉੱਤਰਾਖੰਡ ਪੁਲੀਸ ਨੇ ਇਕ ਸਾਂਝੇ ਅਪਰੇਸ਼ਨ ਤਹਿਤ ਸੋਮਵਾਰ ਦੇਹਰਾਦੂਨ ਤੋਂ ਪੰਜ ਜਣਿਆਂ ਨੂੰ ਹਿਰਾਸਤ ਵਿਚ ਲਿਆ ਸੀ। ਇਨ੍ਹਾਂ ਵਿਚੋਂ ਇਕ ਮਨਪ੍ਰੀਤ ਵੀ ਸੀ। ਮਨਪ੍ਰੀਤ ਮਾਨਸਾ ਜ਼ਿਲ੍ਹੇ ਦੇ ਪਿੰਡ ਢੈਪਈ ਨਾਲ ਸਬੰਧਤ ਹੈ। ਉਸ ਨੂੰ ਅੱਜ ਮਾਨਸਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪੁਲੀਸ ਨੂੰ ਉਸ ਦਾ 5 ਦਿਨਾਂ ਦਾ ਰਿਮਾਂਡ ਦਿੱਤਾ ਹੈ। ਪੁਲੀਸ ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਜਿਹੜੀ ਕਰੋਲਾ ਕਾਰ ਵਰਤੀ ਗਈ ਸੀ, ਉਹ ਅਪਰਾਧੀਆਂ ਨੂੰ ਮੁਹੱਈਆ ਕਰਾਉਣ ਵਿਚ ਮਨਪ੍ਰੀਤ ਦੀ ਸ਼ੱਕੀ ਭੂਮਿਕਾ ਹੈ। ਪੁਲੀਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਅਪਰਾਧੀਆਂ ਤੱਕ ਪਹੁੰਚਣਾ ਸੌਖਾ ਹੋ ਜਾਵੇਗਾ।
ਲਾਰੈਂਸ ਬਿਸ਼ਨੋਈ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ
ਨਵੀਂ ਦਿੱਲੀ: ਇਥੋਂ ਦੀ ਪਟਿਆਲਾ ਹਾਊਸ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਗੈਂਗਸਟਰ ਨੂੰ ਜੇਲ੍ਹ ਤੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਅਦਾਲਤ ਨੇ ਲਾਰੈਂਸ ਤੋਂ ਪੁੱਛਗਿੱਛ ਕਰਨ ਲਈ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲੀਸ ਵਲੋਂ ਲਾਰੈਂਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਹੱਤਿਆ ਤੋਂ ਬਾਅਦ ਲਾਰੈਂਸ ਦੇ ਗੈਂਗ ਮੈਂਬਰ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ।