ਬੇਅੰਤ ਸਿੰਘ ਸੰਧੂ
ਪੱਟੀ, 24 ਫਰਵਰੀ
ਦਿੱਲੀ ਦੇ ਸਿੰਘੂ ਬਾਰਡਰ ’ਤੇ ਬੀਤੇ ਦਿਨੀਂ ਫੌਤ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਨਾਲ ਸਬੰਧਤ ਪੱਟੀ ਦੇ ਨੇੜਲੇ ਪਿੰਡ ਨਦੌਹਰ ਦੇ ਕਿਸਾਨ ਮੰਗਲ ਸਿੰਘ (45) ਪੁੱਤਰ ਬਲਬੀਰ ਸਿੰਘ ਦਾ ਸਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਕਿਸਾਨ ਮੰਗਲ ਸਿੰਘ ਦੀ ਅਰਥੀ ਨੂੰ ਕਿਸਾਨ ਜਥੇਬੰਦੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਤੇ ਪੱਟੀ ਤੋਂ ‘ਆਪ’ ਆਗੂ ਲਾਲਜੀਤ ਸਿੰਘ ਭੁੱਲਰ ਨੇ ਮੋਢਾ ਦਿੱਤਾ। ਸ਼ਹੀਦ ਕਿਸਾਨ ਦੀ ਅੰਤਿਮ ਯਾਤਰਾ ਮੌਕੇ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਸ਼ਹੀਦ ਕਿਸਾਨ ਅਮਰ ਰਹੇ ਦੇ ਨਾਅਰੇ ਲਗਾਏ ਗਏ। ਜਾਣਕਾਰੀ ਅਨੁਸਾਰ ਸਿੰਘੂ ਬਾਰਡਰ ਦੇ ਸ਼ਹਾਦਤ ਪਾਉਣ ਵਾਲਾ ਕਿਸਾਨ ਬੇਜ਼ਮੀਨਾ ਤੇ ਘਰ ਵਿੱਚ ਇਕੱਲਾ ਮੈਂਬਰ ਸੀ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਭੈਣ ਵਿਆਹੀ ਹੋਈ ਹੈ। ਇੰਦਰਜੀਤ ਸਿੰਘ ਕੋਟਬੁੱਢਾ ਨੇ ਦੱਸਿਆ ਕਿ ਕਿਸਾਨ ਮੰਗਲ ਸਿੰਘ ਪਿਛਲੇ ਤਿੰਨ ਮਹੀਨੇ ਤੋਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਜਥੇਬੰਦੀ ਦੇ ਨਾਲ ਸਿੰਘੂ ਹੱਦ ’ਤੇ ਅੰਦੋਲਨ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਨੀਤੀ ਤਹਿਤ ਬਣਾਏ ਗਏ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ 225 ਕਿਰਤੀ ਕਿਸਾਨ ਸ਼ਹਾਦਤ ਪਾ ਚੁੱਕੇ ਹਨ ਅਤੇ ਇਹ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਸੰਯੁਕਤ ਮੋਰਚੇ ਦਾ ਕਿਸਾਨੀ ਅੰਦੋਲਨ ਸਫ਼ਲ ਹੋਵੇਗਾ।