ਜਤਿੰਦਰ ਬੈਂਸ
ਗੁਰਦਾਸਪੁਰ, 22 ਫਰਵਰੀ
ਖੇਤੀ ਕਾਨੂੰਨ ਰੱਦ ਕਰਾਉਣ ਲਈ ਬੀਤੇ ਦਿਨੀਂ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਜਾਣ ਮੌਕੇ ਸੜਕ ਹਾਦਸੇ ਵਿੱਚ ਸ਼ਹੀਦ ਹੋਏ ਗੁਰਦਾਸਪੁਰ ਦੇ ਸਰਹੱਦੀ ਪਿੰਡ ਨਰਪੁਰ ਦੇ ਕਿਸਾਨ ਜਾਗੀਰ ਸਿੰਘ ਦਾ ਅੱਜ ਪਿੰਡ ਵਿੱਚ ਨਾਅਰਿਆਂ ਦੀ ਗੂੰਜ ਵਿੱਚ ਸਸਕਾਰ ਕਰ ਦਿੱਤਾ ਗਿਆ। ਕਿਸਾਨ ਜਾਗੀਰ ਸਿੰਘ ਦੀ ਦੇਹ ਨੂੰ ਕਿਸਾਨ ਜਥੇਬੰਦੀ ਦੇ ਝੰਡੇ ਵਿੱਚ ਲਪੇਟ ਕੇ ਸ਼ਰਧਾਂਜਲੀ ਦਿੱਤੀ ਗਈ। ਚਿਖਾ ਨੂੰ ਅੱਗ ਉਨ੍ਹਾਂ ਦੇ ਪੁੱਤਰ ਨੇ ਦਿੱਤੀ। ਸਸਕਾਰ ਮੌਕੇ ਮੌਜੂਦ ਲੋਕਾਂ ਨੇ ਕੇਂਦਰ ਸਰਕਾਰ ਖਿਲਾਫ਼ ਭੜਾਸ ਕੱਢੀ ਅਤੇ ‘ਸ਼ਹੀਦ ਜਾਗੀਰ ਸਿੰਘ ਅਮਰ ਰਹੇ’ ਦੇ ਨਾਅਰੇ ਲਾਏ। ਕਿਸਾਨ ਆਗੂ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਕਰਨੈਲ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਸਾਂਝੀ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਮੋਦੀ ਸਰਕਾਰ ਉੱਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੁੂਰਨ ਅਤੇ ਕਿਸਾਨਾਂ ਦਾ ਭਵਿੱਖ ਬਰਬਾਦ ਕਰਨ ਦੇ ਦੋਸ਼ ਲਾਉਂਦਿਆਂ ਖੇਤੀ ਕਾਨੂੰਨ ਰੱਦ ਹੋਣ ਤਕ ਕਿਸਾਨ ਅੰਦੋਲਨ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਮੰਗ ਵੀ ਕੀਤੀ।
ਕਿਸਾਨ ਰੇਸ਼ਮ ਸਿੰਘ ਦੇ ਪਰਿਵਾਰ ਨੂੰ ਨਾ ਮਿਲਿਆ ਮੁਆਵਜ਼ਾ
ਸ਼ੇਰਪੁਰ (ਪੱਤਰ ਪ੍ਰੇਰਕ): ਦਿੱਲੀ ਅੰਦੋਲਨ ਦੇ ਸ਼ਹੀਦ ਪਿੰਡ ਈਨਾਬਾਜਵਾ ਦੇ ਕਿਸਾਨ ਰੇਸ਼ਮ ਸਿੰਘ ਦੇ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ 25 ਦਿਨ ਬੀਤਣ ਦੇ ਬਾਵਜੂਦ ਮੁਆਵਜ਼ਾ ਨਾ ਦੇਣ ’ਤੇ ਲੋਕ ਸੰਘਰਸ਼ ਕਮੇਟੀ ਨੇ 24 ਫਰਵਰੀ ਤਕ ਦਾ ਅਲਟੀਮੇਟਮ ਦਿੰਦਿਆਂ 25 ਤੋਂ ਸਬ-ਤਹਿਸੀਲ ਸ਼ੇਰਪੁਰ ਅੱਗੇ ਪੱਕਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਰੇਸ਼ਮ ਸਿੰਘ ਬੀਕੇਯੂ ਏਕਤਾ ਉਗਰਾਹਾਂ ਦੇ ਜਥੇ ਨਾਲ ਦਿੱਲੀ ਗਿਆ ਸੀ, ਜਿਸ ਦੀ ਬੀਤੀ 30 ਜਨਵਰੀ ਨੂੰ ਪਿੰਡ ਲਾਸ਼ ਪਰਤੀ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਛੇਤੀ ਮੁਆਵਜ਼ਾ ਜਾਰੀ ਕਰਨ ਦੇ ਦਿੱਤੇ ਗਏ ਭਰੋਸੇ ਮਗਰੋਂ ਕਿਸਾਨ ਦਾ ਸਸਕਾਰ ਕਰ ਦਿੱਤਾ ਗਿਆ ਸੀ ਪਰ ਹਾਲੇ ਤਕ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ 25 ਫਰਵਰੀ ਤੋਂ ਸਬ-ਤਹਿਸੀਲ ਅੱਗੇ ਪੱਕੇ ਧਰਨੇ ’ਤੇ ਬੈਠਣਗੇ। ਐੱਸਡੀਐੱਮ ਲਤੀਫ਼ ਅਹਿਮਦ ਨੇ ਕਿਹਾ ਕਿ ਭਲਕੇ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਕਿਸਾਨ ਦੇ ਚੈੱਕ ਸਬੰਧੀ ਸਾਰੀ ਜਾਣਕਾਰੀ ਲੈਣਗੇ।