ਭੁਲੱਥ (ਦਲੇਰ ਸਿੰਘ ਚੀਮਾ): ਜੰਮੂ ਕਸ਼ਮੀਰ ’ਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਪਿੰਡ ਮਾਨਾਂ ਤਲਵੰਡੀ ਦੇ ਜੰਮਪਲ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਸਵੇਰੇ ਗਿਆਰਾਂ ਵਜੇ ਦੇ ਕਰੀਬ ਫ਼ੌਜ ਦੀ ਗੱਡੀ ਜਦੋਂ ਸ਼ਹੀਦ ਦਾ ਤਾਬੂਤ ਲੈ ਕੇ ਪਿੰਡ ਮਾਨਾਂ ਤਲਵੰਡੀ ਪਹੁੰਚੀ ਤਾਂ ਉੱਥੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੇ ‘ਸ਼ਹੀਦ ਜਸਵਿੰਦਰ ਸਿੰਘ ਅਮਰ ਰਹੇ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਸ਼ਹੀਦ ਦੀ ਦੇਹ ਉਸ ਦੇ ਘਰ ਲਿਜਾਈ ਗਈ, ਜਿੱਥੇ ਲੋਕਾਂ ਨੇ ਸ਼ਹੀਦ ਦੇ ਅੰਤਿਮ ਦਰਸ਼ਨ ਕੀਤੇ।
ਇਸ ਮਗਰੋਂ ਫ਼ੌਜ ਦੀ ਟੁਕੜੀ ਤੇ ਫ਼ੌਜੀ ਬੈਂਡ ਦੀ ਅਗਵਾਈ ਹੇਠ ਸ਼ਹੀਦ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ। ਇੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸਮੇਤ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਡੀਸੀ ਦੀਪਤੀ ਉੱਪਲ, ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਤੇ ਕਈ ਫ਼ੌਜੀ ਅਧਿਕਾਰੀਆਂ ਨੇ ਸ਼ਹੀਦ ਦੀ ਦੇਹ ’ਤੇ ਫੁੱਲ ਮਾਲਾ ਚੜ੍ਹਾ ਕੇ ਸਲਾਮੀ ਦਿੱਤੀ। ਸ਼ਹੀਦ ਦੇ ਬੇਟੇ ਨੇ ਚਿਤਾ ਨੂੰ ਅਗਨੀ ਦਿਖਾਈ। ਇਸ ਮਗਰੋਂ ਫ਼ੌਜ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਸ਼ਹੀਦ ਦੀ ਵਰਦੀ ਅਤੇ ਤਿਰੰਗਾ ਭੇਟ ਕੀਤਾ।ਇਸ ਮੌਕੇ ਸ਼ਹੀਦ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਡੂੰਘੀ ਸੱਟ ਲੱਗੀ ਹੈ, ਪਰ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਵੱਲੋਂ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਜਾਨ ਕੁਰਬਾਨ ਕਰ ਜਾਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।