ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਮਈ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ 15 ਮਈ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ, ਦੀ ਮ੍ਰਿਤਕ ਦੇਹ ਦਾ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਨਜ਼ਦੀਕ ਸਸਕਾਰ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਮ੍ਰਿਤਕ ਦੇਹ ’ਤੇ ਲੋਈਆਂ ਅਤੇ ਸਿਰੋਪੇ ਭੇਟ ਕਰ ਕੇ ਜਥੇਦਾਰ ਵੇਦਾਂਤੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਉਨ੍ਹਾਂ ਦੇ ਮ੍ਰਿਤਕ ਸਰੀਰ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਡੀਅਮ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਦੋਸ਼ਾਲਾ ਭੇਟ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੱਚਖੰਡ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਕਾਲ ਤਖ਼ਤ ਸਾਹਿਬ ਵੱਲੋਂ ਵਧੀਕ ਗ੍ਰੰਥੀ ਗਿਆਨੀ ਮਲਕੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ, ਚੀਫ ਖ਼ਾਲਸਾ ਦੇ ਪ੍ਰਧਾਨ ਨਿਰਮਲ ਸਿੰਘ ਵੱਲੋਂ ਅਤੇ ਹੋਰ ਵੱਖ-ਵੱਖ ਸੰਪ੍ਰਦਾਵਾਂ ਤੇ ਕਾਰਸੇਵਾ ਵਾਲੇ ਮਹਾਪੁਰਖਾਂ ਵੱਲੋਂ ਵੀ ਲੋਈ ਤੇ ਸਿਰੋਪਾਓ ਪਾ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਜਥੇਦਾਰ ਵੇਦਾਂਤੀ ਦੀ ਪਤਨੀ ਹਰਭਜਨ ਕੌਰ, ਪੁੱਤਰੀ ਅਮਨਪ੍ਰੀਤ ਕੌਰ, ਭਾਈ ਜਗਬੀਰ ਸਿੰਘ ਸਣੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।
ਦੱਸਣਯੋਗ ਹੈ ਕਿ ਜਥੇਦਾਰ ਵੇਦਾਂਤੀ ਲਗਪਗ ਅੱਠ ਸਾਲ ਅਕਾਲ ਤਖ਼ਤ ਦੇ ਜਥੇਦਾਰ ਅਤੇ ਲਗਪਗ ਦੋ ਦਹਾਕੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਤੇ ਹੋਰ ਅਹੁਦਿਆਂ ’ਤੇ ਰਹੇ। ਉਹ ਇਸ ਵੇਲੇ ਵੀ ਗੁਰਬਾਣੀ ਵਿਆਕਰਨ ਅਤੇ ਸ਼ੁਧ ਉਚਾਰਨ ਦੀ ਸਿੱਖਿਆ ਦੇ ਰਹੇ ਸਨ। 15 ਮਈ ਦੀ ਸ਼ਾਮ ਨੂੰ ਛਾਤੀ ਵਿਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ। ਇਲਾਜ ਦੌਰਾਨ ਹੀ ਉਹ ਚਲਾਣਾ ਕਰ ਗਏ। ਉਨ੍ਹਾਂ ਦੀ ਧੀ ਡੈਨਮਾਰਕ ਵਿਚ ਸੀ, ਜਿਸ ਦੇ ਅੱਜ ਇੱਥੇ ਪੁੱਜਣ ’ਤੇ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ ਹੈ।
ਇਸ ਮੌਕੇ ਦਰਬਾਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਕੇਵਲ ਸਿੰਘ (ਸਾਰੇ ਸਾਬਕਾ ਜਥੇਦਾਰ), ਸਾਬਕਾ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਆਦਿ ਸਣੇ ਹੋਰ ਹਾਜ਼ਰ ਸਨ।