ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 22 ਨਵੰਬਰ
ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਦਾ ਅੱਜ ਸਵੇਰੇ ਇੱਥੇ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜੇ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ’ਤੇ ਫੁਲਕਾਰੀ ਪਾਈ ਹੋਈ ਸੀ। ਗੁਰਮੀਤ ਬਾਵਾ ਦੀ ਦੇਹ ਨੂੰ ਅਗਨੀ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਨੇ ਵਿਖਾਈ। ਇਸ ਮੌਕੇ ਪੰਜਾਬ ’ਚੋਂ ਵੱਡੀ ਗਿਣਤੀ ’ਚ ਗਾਇਕ ਪੁੱਜੇ ਹੋਏ ਸਨ, ਜਿਨ੍ਹਾਂ ਗੁਰਮੀਤ ਬਾਵਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਬੀਤੇ ਦਿਨ ਤੋਂ ਸੋਸ਼ਲ ਮੀਡੀਆ ’ਤੇ ਗੁਰਮੀਤ ਬਾਵਾ ਨੂੰ ਚਾਹੁਣ ਵਾਲਿਆਂ ਦੇ ਸ਼ੋਕ ਸੰਦੇਸ਼ਾਂ ਦਾ ਹੜ੍ਹ ਆਇਆ ਹੋਇਆ ਹੈ। ਗੁਰਮੀਤ ਬਾਵਾ ਦੀ ਗਾਇਕੀ ਨੂੰ ਪਾਕਿਸਤਾਨ ਵਿੱਚ ਪਸੰਦ ਕਰਨ ਵਾਲਿਆਂ ਨੇ ਵੀ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।
ਪ੍ਰਸਿੱਧ ਰੰਗਕਰਮੀ ਤੇ ਫਿਲਮ ਅਦਾਕਾਰਾ ਜਤਿੰਦਰ ਕੌਰ ਨੇ ਕਿਹਾ ਕਿ ਗੁਰਮੀਤ ਬਾਵਾ ਦੇ ਜਾਣ ਨਾਲ ਪੰਜਾਬੀ ਲੋਕ ਗਾਇਕੀ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ। ਉੱਘੇ ਗਾਇਕ ਪੂਰਨ ਚੰਦ ਵਡਾਲੀ ਨੇ ਕਿਹਾ ਕਿ ਗਾਇਕ ਆਪਣੀ ਮਿੱਟੀ ਵਿੱਚ ਵੱਸਿਆ ਹੁੰਦਾ ਹੈ, ਉਸ ਦਾ ਸਰੀਰ ਚਲਾ ਜਾਂਦਾ ਹੈ, ਪਰ ਗਾਇਕ ਨਹੀਂ ਮਰਦਾ। ਸਤਿੰਦਰ ਸੱਤੀ ਨੇ ਗੁਰਮੀਤ ਬਾਵਾ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਗੁਰਮੀਤ ਬਾਵਾ ਦੀ ਬੇਟੀ ਲਾਚੀ ਬਾਵਾ ਦੇ ਜਾਣ ਮਗਰੋਂ ਪਰਿਵਾਰ ਲਈ ਇਹ ਵੱਡਾ ਦੁਖਾਂਤ ਹੈ।
ਇਸ ਮੌਕੇ ਗਾਇਕ ਸਤਵਿੰਦਰ ਬੁੱਗਾ, ਦਲਵਿੰਦਰ ਦਿਆਲਪੁਰੀ, ਹਰਪਾਲ ਠੱਠੇਵਾਲਾ, ਰਛਪਾਲ ਰਸੀਲਾ, ਬਲਵਿੰਦਰ ਜਹਾਂਗੀਰ ਅਤੇ ਸੁਖਵੰਤ ਚੇਤਨਪੁਰੀ ਵੀ ਗੁਰਮੀਤ ਬਾਵਾ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਭੁਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ‘ਆਪ’ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਹਰਮੀਤ ਆਰਟਿਸਟ ਅਤੇ ਜਸਵੰਤ ਸਿੰਘ ਜੱਸ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸੇ ਦੌਰਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਹਰਭਜਨ ਸਿੰਘ ਬਰਾੜ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।