ਪੱਤਰ ਪ੍ਰੇਰਕ
ਧਨੌਲਾ, 1 ਅਕਤੂਬਰ
ਪਿੰਡ ਕੱਟੂ ਨਾਲ ਸਬੰਧਤ ਨੌਜਵਾਨ ਲੇਖਕ ਤੇ ਫ਼ਿਲਮ ਨਿਰਮਾਤਾ ਪਰਮਜੀਤ ਸਿੰਘ ਕੱਟੂ ਨੂੰ 68ਵੇਂ ਕੌਮੀ ਫ਼ਿਲਮ ਪੁਰਸਕਾਰ ਸਮਾਗਮ ਦੌਰਾਨ ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਬਣਾਈ ਦਸਤਾਵੇਜ਼ੀ ਲਈ ‘ਰਜਤ ਕਮਲ ਪੁਰਸਕਾਰ’ ਹਾਸਲ ਹੋਇਆ ਹੈ। ਪਰਮਜੀਤ ਨੇ ਦੱਸਿਆ ਕਿ ਦਸਤਾਵੇਜ਼ੀ ‘ਦਿ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ’ ਲਈ ਉਸ ਨੂੰ ਬੈਸਟ ਇਨਵੈਸਟੀਗੇਟਿਵ ਫਿਲਮ ਦਾ ਪੁਰਸਕਾਰ ਮਿਲਿਆ ਹੈ। ਇਹ ਦਸਤਾਵੇਜ਼ੀ ਨੌਜਵਾਨ ਭਾਰਤੀ ਫੌਜੀ ਅਫ਼ਸਰ ਦੁਆਲੇ ਘੁੰਮਦੀ ਹੈ ਜੋ ਦੂਸਰੀ ਵਿਸ਼ਵ ਜੰਗ ਦੌਰਾਨ ਸਿੰਘਾਪੁਰ ਦੀ ਲੜਾਈ ਦੌਰਾਨ ਜੰਗੀ ਕੈਦੀ ਕੈਂਪ ’ਚੋਂ ਨਿਕਲ ਕੇ ਆਪਣੇ ਸਾਥੀ ਸਮੇਤ ਛੇ ਮਹੀਨੇ ਜੰਗਲਾਂ ਦਾ ਪੈਦਲ ਸਫ਼ਰ ਕਰਕੇ ਮਨੀਪੁਰ ਪੁੱਜਿਆ।