ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਸਤੰਬਰ
ਸਨਅਤੀ ਸ਼ਹਿਰ ’ਚ ਨਹਿਰ ’ਤੇ ਬਣੇ ਰਹੇ ਵਿਵਾਦਿਤ ਫਲੈਟਾਂ ਦੀ ਫਾਈਲ ਗੁੰਮਣ ਹੋਣ ਦੇ ਮਾਮਲੇ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨ ਦੀ ਮੰਗ ਤਹਿਤ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਇੱਕ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ। ਜ਼ਿਲ੍ਹਾ ਸੈਸ਼ਨ ਜੱਜ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਤੈਅ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦੇ ਵਕੀਲਾਂ ਨੇ ਸੁਰੱਖਿਆ ਕਾਰਨਾਂ ਕਰਕੇ ਸਿੱਧੂ ਨੂੰ ਲੁਧਿਆਣਾ ਨਾ ਬੁਲਾਉਣ ਅਤੇ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕਰਨ ਦੀ ਮੰਗ ਕੀਤੀ ਸੀ। ਜਾਣਕਾਰੀ ਅਨੁਸਾਰ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਤੇ ਸਾਬਕਾ ਮੰਤਰੀ ਆਸ਼ੂ ਖ਼ਿਲਾਫ਼ ਸ਼ਿਕਾਇਤ ਸਬੰਧੀ ਸ੍ਰੀ ਸਿੱਧੂ ਨੂੰ ਗਵਾਹ ਬਣਾਇਆ ਗਿਆ ਹੈ। ਹੇਠਲੀ ਅਦਾਲਤ ਨੇ ਸ੍ਰੀ ਸਿੱਧੂ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਸੀ, ਜਿਸ ਮਗਰੋਂ ਸਿੱਧੂ ਦੇ ਵਕੀਲ ਨੇ ਉਨ੍ਹਾਂ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਇਹ ਅਰਜ਼ੀ ਦਾਇਰ ਕੀਤੀ ਸੀ, ਜੋ ਖਾਰਜ ਕਰ ਦਿੱਤੀ ਗਈ ਸੀ। ਇਸ ਮਗਰੋਂ ਸਿੱਧੂ ਦੇ ਵਕੀਲਾਂ ਨੇ ਜ਼ਿਲ੍ਹਾ ਸੈਸ਼ਨ ਜੱਜ ਕੋਲ ਇਹ ਅਰਜ਼ੀ ਦਾਇਰ ਕੀਤੀ, ਜਿਸ ਦੀ ਅੱਜ ਸੁਣਵਾਈ ਮਗਰੋਂ ਅਗਲੀ ਸੁਣਵਾਈ 17 ਨੂੰ ਤੈਅ ਕੀਤੀ ਗਈ ਹੈ।