ਚੰਨੀ ਧੂਰੀ ਤੋਂ ਮੇਰੇ ਖ਼ਿਲਾਫ਼ ਚੋਣ ਲੜ ਲੈਣ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਦਿੱਤੀ ਚੁਣੌਤੀ ਦਾ ਦਿੱਤਾ ਜਵਾਬ; ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ

ਚੰਨੀ ਧੂਰੀ ਤੋਂ ਮੇਰੇ ਖ਼ਿਲਾਫ਼ ਚੋਣ ਲੜ ਲੈਣ: ਭਗਵੰਤ ਮਾਨ

ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਮੁੜਦੇ ਹੋਏ ਭਗਵੰਤ ਮਾਨ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 22 ਜਨਵਰੀ 

ਆਮ ਆਦਮੀ ਪਾਰਟੀ ਦੇ  ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਲਈ ਐਲਾਨੇ ਗਏ ਉਮੀਦਵਾਰ ਭਗਵੰਤ ਮਾਨ ਨੇ ਅੱਜ ਇੱਥੇ  ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਲੜਨ ਦੀ ਦਿੱਤੀ ਚੁਣੌਤੀ ਦੇ ਜਵਾਬ ਵਿੱਚ ਆਖਿਆ ਕਿ ਸ੍ਰੀ ਚੰਨੀ ਜਦੋਂ ਵੀ ਚਾਹੁਣ ਧੂਰੀ ਤੋਂ ਆ ਕੇ ਉਨ੍ਹਾਂ ਦੇ ਮੁਕਾਬਲੇ ਚੋਣ ਲੜ ਸਕਦੇ ਹਨ। 

ਉਹ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣ ਆਏ ਸਨ। ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਚੰਨੀ ਵੱਲੋਂ ਦਿੱਤੀ ਚੁਣੌਤੀ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਚਮਕੌਰ ਸਾਹਿਬ  ਰਾਖਵਾਂ ਹਲਕਾ ਹੈ ਜਿੱਥੋਂ ਉਹ ਉਨ੍ਹਾਂ ਦੇ ਮੁਕਾਬਲੇ ਚੋਣ ਨਹੀਂ ਲੜ ਸਕਦੇ, ਜੇਕਰ ਸ੍ਰੀ ਚੰਨੀ ਉਨ੍ਹਾਂ ਨਾਲ ਚੋਣ ਲੜਨਾ ਚਾਹੁੰਦੇ ਹਨ ਤਾਂ ਉਹ  ਧੂਰੀ ਵਿਧਾਨ ਸਭਾ ਹਲਕੇ ਤੋਂ ਆ ਕੇ ਚੋਣ ਲੜ ਸਕਦੇ ਹਨ। ਪੰਜਾਬ ਦੇ ਪਾਣੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇਗਾ। ਸ੍ਰੀ ਮਾਨ ਨੇ ਆਖਿਆ ਕਿ ਉਹ ਪੰਜਾਬ ਦੀ ਭਲਾਈ ਚਾਹੁੰਦੇ ਹਨ ਅਤੇ ਇਸ ਸਬੰਧੀ ਪੰਜਾਬ ਵਿਜ਼ਨ ਲਿਖਤੀ ਰੂਪ ਵਿੱਚ ਜਾਰੀ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪੰਜਾਬ ਨੂੰ ਲੰਡਨ ਜਾਂ ਕੈਲੀਫੋਰਨੀਆ ਬਣਾਉਣ ਦੀ ਨਹੀਂ, ਸਗੋਂ ਸਿਰਫ਼ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਨਗੇ। ਕਾਂਗਰਸ ਵੱਲੋਂ ‘ਆਪ’ ਨੂੰ ਭਾਜਪਾ ਦੀ ‘ਬੀ’ ਟੀਮ ਕਹੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਸਿਆਸੀ ਪਾਰਟੀ ਦੀ ‘ਬੀ’ ਟੀਮ ਨਹੀਂ ਸਗੋਂ ਪੰਜਾਬ ਦੇ  ਪੌਣੇ ਤਿੰਨ ਕਰੋੜ ਲੋਕਾਂ ਦੀ ਇਹ ਟੀਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ’ਤੇ  ਜੋ ਭਰੋਸਾ ਪ੍ਰਗਟਾਇਆ ਹੈ, ਉਹ ਜ਼ਿੰਮੇਵਾਰੀ ਮਿਲਣ ਮਗਰੋਂ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ।

 ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ‘ਆਪ’ ਆਗੂਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਜੱਲ੍ਹਿਆਂਵਾਲਾ ਬਾਗ਼ ਵੀ ਗਏ ਅਤੇ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਉਨ੍ਹਾਂ ਨੇ ਦੁਰਗਿਆਨਾ ਮੰਦਰ ਵਿਖੇ ਵੀ ਮੱਥਾ ਟੇਕਿਆ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਸਵਾਲ ਤੋਂ ਭਗਵੰਤ ਮਾਨ ਬਚਣ ਦੀ ਕੋਸ਼ਿਸ਼ ਕਰਦੇ ਰਹੇ। ਕੁਝ ਸਿੱਖ ਜਥੇਬੰਦੀਆਂ ਨੇ ਇਸ ਮੌਕੇ ਸ੍ਰੀ ਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਚੁੱਪ ਰਹੇ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਨੇੜੇ ਨਹੀਂ ਆਏ। ਇੱਥੇ ਦੱਸਣਯੋਗ ਹੈ ਕਿ ਇਹ ਸਿੱਖ ਜਥੇਬੰਦੀਆਂ ਇਸ ਮਾਮਲੇ ਸਬੰਧੀ ‘ਆਪ’ ਦੇ ਉਮੀਦਵਾਰਾਂ ਦਾ ਵਿਰੋਧ ਅਤੇ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੀਆਂ ਹਨ।

ਬਾਦਲਾਂ ਵੱਲੋਂ ਸਥਾਪਤ ਮਾਫ਼ੀਆ ਰਾਜ ਹੁਣ ਕਾਂਗਰਸੀ ਚਲਾ ਰਹੇ ਨੇ: ‘ਆਪ’

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ‘ਆਪ’ ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਕੈਪਟਨ, ਚੰਨੀ ਅਤੇ ਹੋਰ ਕਾਂਗਰਸੀ ਆਗੂਆਂ ਨੇ ਬਾਦਲ ਪਰਿਵਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਨੂੰ ਸਰਪ੍ਰਸਤੀ ਦਿੱਤੀ ਅਤੇ ਉਸ ਨੂੰ ਅੱਗੇ ਚਲਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਮੁੱਖ ਮੰਤਰੀ ਚੰਨੀ ਖ਼ੁਦ ਪੰਜਾਬ ਵਿੱਚ ਰੇਤ ਮਾਫ਼ੀਆ ਦੇ ਸਰਪ੍ਰਸਤ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਬਾਦਲ ਪਰਿਵਾਰ ਮੁੱਖ ਮੰਤਰੀ ਚੰਨੀ ਦੇ ਭਾਈ ਮਨਮੋਹਨ ਸਿੰਘ ਦੇ ਕਰੀਬੀ ਹਨ ਅਤੇ ਅੱਜ ਬਿਕਰਮ ਮਜੀਠੀਆ ਉਸ ਦਾ ਨਾਂ ਰੇਤ ਮਾਫ਼ੀਆ ਨਾਲ ਜੋੜ ਰਹੇ ਹਨ। ਕੰਗ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਦੋਵੇਂ ਪਾਰਟੀਆਂ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਅਤੇ ਕੁਦਰਤੀ ਸਾਧਨਾਂ ਨੂੰ ਵਾਰੀ ਵਾਰੀ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀਆਂ ਅਤੇ ਬਾਦਲ ਪਰਿਵਾਰ ਨੇ ਪੰਜਾਬ ਵਿੱਚ ਹਰ ਤਰ੍ਹਾਂ ਦਾ ਮਾਫ਼ੀਆ ਕਾਇਮ ਕੀਤਾ ਅਤੇ ਫਿਰ ਕੈਪਟਨ ਤੇ ਚੰਨੀ ਨੇ ਇਸ ਮਾਫ਼ੀਆ ਰਾਜ ਨੂੰ ਸਰਪ੍ਰਸਤੀ ਦਿੱਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All