ਪਵਨ ਗੋਇਲ
ਭੁੱਚੋ ਮੰਡੀ, 30 ਅਪਰੈਲ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਐਕਸ਼ਨ ਕਮੇਟੀ ਦੇ ਨੌਵਜਾਨਾਂ ਨੇ ਬੀਤੀ ਰਾਤ ਪਿੰਡ ਵਿਚੋਂ ਦੋ ਔਰਤਾਂ ਸਣੇ ਪੰਜ ਕਥਿਤ ਨਸ਼ਾ ਤਸਕਰ ਫੜ ਕੇ ਪੁਲੀਸ ਹਵਾਲੇ ਕੀਤੇ। ਮੁਲਜ਼ਮਾਂ ਕੋਲੋਂ ਡੇਢ ਗ੍ਰਾਮ ਚਿੱਟਾ ਵੀ ਬਰਾਮਦ ਹੋਇਆ। ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਾ ਕਰਨ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਨੇ ਪੁਲੀਸ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ ਜਿਸ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕੀਤਾ। ਧਰਨੇ ਦੌਰਾਨ ਡੀਐੱਸਪੀ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਜਿਸ ਮਗਰੋਂ ਲੋਕਾਂ ਨੇ ਥਾਣੇ ਅੱਗਿਓਂ ਧਰਨਾ ਚੁੱਕਿਆ ਅਤੇ ਉਹ ਪਿਛਲੇ ਤਿੰਨ ਦਿਨ ਤੋਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਗਏ। ਪੱਕਾ ਮੋੋਰਚਾ ਲਾ ਕੇ ਬੈਠੇ ਭਾਕਿਯੂ ਉਗਰਾਹਾਂ ਦੇ ਬਲਾਕ ਆਗੂ ਹੁਸ਼ਿਆਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਨੌਂ ਵਜੇ ਗੁਰਦੁਆਰਾ ਸਾਹਿਬ ਦੇ ਪਿੱਛੇ ਇੱਕ ਘਰ ਵਿੱਚ ਤਸਕਰਾਂ ਦੇ ਹੋਣ ਦੀ ਸੂਹ ਮਿਲੀ ਸੀ, ਜਿਸ ਮਗਰੋਂ ਉਨ੍ਹਾਂ ਕਥਿਤ ਨਸ਼ਾ ਤਸਕਰਾਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ। ਇਸ ਦੌਰਾਨ ਅੱਜ ਪਿੰਡ ਦੀਆਂ ਔਰਤਾਂ ਨੇ ਪਿੰਡ ਵਿੱਚ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਚੌਕੀ ਇੰਚਾਰਜ ਪਰਬਤ ਸਿੰਘ ਨੇ ਦੱਸਿਆ ਕਿ ਏਐੱਸਆਈ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬੀਤੀ ਰਾਤ ਫੜੇ ਗਏ ਪੰਜ ਜਣਿਆਂ ਵਿੱਚੋਂ ਬਲਵਿੰਦਰ ਕੌਰ ਤੇ ਅਮਰਜੀਤ ਕੌਰ, ਬਲਕਰਨ ਸਿੰਘ ਤੇ ਪਰਮੇਸ਼ਵਰ ਸਿੰਘ ਵਾਸੀ ਧੰਨ ਸਿੰਘ ਖਾਨਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਦਕਿ ਗੁਰਜਿੰਦਰ ਸਿੰਘ ਵਾਸੀ ਚੱਕ ਫ਼ਤਿਹ ਸਿੰਘ ਵਾਲਾ ’ਤੇ ਉਕਤ ਮੁਲਜ਼ਮਾਂ ਨੂੰ ਪਨਾਹ ਦੇਣ ਦਾ ਪਰਚਾ ਦਰਜ ਕੀਤਾ ਗਿਆ ਹੈ।
ਪੱਟੀ ਤੇ ਮਲੋਟ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਮੌਤਾਂ
ਪੱਟੀ/ਮਲੋਟ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਧਾਰੀਵਾਲ ਵਿੱਚ ਬੀਤੀ ਰਾਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਸ਼ਿੰਦਰ ਸਿੰਘ ਉਰਫ ਬੱਬੂ (33) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਸ਼ਿੰਦਰ ਦੀ ਵਿਧਵਾ ਮਾਂ ਹਰਭਜਨ ਕੌਰ ਤੇ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਤੇ ਬੀਤੀ ਰਾਤ ਨੇੜਲੇ ਪਿੰਡ ਚੂਸਲੇਵੜ ਤੋਂ ਕਿਸੇ ਵਿਅਕਤੀ ਕੋਲੋਂ ਲੈ ਕੇ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ। ਪਿੰਡ ਮੁੜਦੇ ਹੋਏ ਉਹ ਰਾਹ ਵਿੱਚ ਹੀ ਡਿੱਗ ਪਿਆ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿੰਡ ਦੇ ਕੁਝ ਵਿਅਕਤੀ ਚੁੱਕ ਕੇ ਘਰ ਲਿਆਏ, ਪਰ ਦੇਰ ਰਾਤ ਉਸ ਦੀ ਮੌਤ ਹੋ ਗਈ।
ਇਸੇ ਦੌਰਾਨ ਮਲੋਟ ਦੇ ਪਟੇਲ ਨਗਰ ਦੇ ਵਸਨੀਕ ਕਰਮ ਸਿੰਘ (30) ਦੀ ਅੱਜ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸਲਵਿੰਦਰ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਬੀਤੇ ਕੱਲ੍ਹ ਕਰਮ ਦੀ ਲਾਸ਼ ਅਬੋਹਰ ਰੋਡ ’ਤੇ ਲਿੰਕ ਰੋਡ ’ਤੋਂ ਮਿਲੀ ਸੀ। ਸਿਟੀ ਪੁਲੀਸ ਨੇ ਇਸ ਸਬੰਧੀ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।