ਪੱਤਰ ਪ੍ਰੇਰਕ
ਭੁੱਚੋ ਮੰਡੀ, 1 ਮਈ
ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਐਕਸ਼ਨ ਕਮੇਟੀ ਦੇ ਨੌਵਜਾਨਾਂ ਨੇ ਨਸ਼ੀਲੇ ਕੈਪਸੂਲਾਂ ਸਮੇਤ ਫੜੀ ਇੱਕ ਹੋਰ ਔਰਤ ਅੱਜ ਪੁਲੀਸ ਹਵਾਲੇ ਕਰ ਦਿੱਤੀ ਹੈ। ਇਸ ਨਾਲ ਲੋਕਾਂ ਵੱਲੋਂ ਕਾਬੂ ਕੀਤੇ ਗਏ ਕਥਿਤ ਨਸ਼ਾ ਤਸਕਰਾਂ ਦੀ ਗਿਣਤੀ 9 ਹੋ ਗਈ ਹੈ, ਜਿਨ੍ਹਾਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਪਿੰਡ ਵਾਸੀਆਂ ਨੇ ਅੱਜ ਚੌਥੇ ਦਿਨ ਵੀ ਮੋਰਚਾ ਜਾਰੀ ਰੱਖਿਆ। ਉਨ੍ਹਾਂ ਨਸ਼ਿਆਂ ਖ਼ਿਲਾਫ਼ ਗੰਭੀਰ ਨਾ ਹੋਣ ਕਾਰਨ ਪੰਜਾਬ ਸਰਕਾਰ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਨਸ਼ਿਆਂ ਖ਼ਿਲਾਫ਼ ਚੱਲ ਰਹੀ ਇਸ ਮੁਹਿੰਮ ਵਿੱਚ ਪਿੰਡ ਦੀਆਂ ਔਰਤਾਂ ਵਧੇਰੇ ਸੰਜੀਦਗੀ ਦਿਖਾ ਰਹੀਆਂ ਹਨ। ਐਕਸ਼ਨ ਕਮੇਟੀ ਦੇ ਆਗੂ ਕੁਲਜੀਤ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਅੱਜ ਇੱਕ ਔਰਤ ਕਿਰਨਜੀਤ ਕੌਰ ਨੂੰ ਨਸ਼ੀਲੇ ਕੈਪਸੂਲਾਂ ਸਣੇ ਫੜ ਕੇ ਪੁਲੀਸ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਇਸ ਔਰਤ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪਿੰਡ ਦੇ ਨਸ਼ਾ ਮੁਕਤ ਹੋਣ ਤੱਕ ਮੋਰਚਾ ਜਾਰੀ ਰਹੇਗਾ।
ਬਰਾਮਦ ਕੀਤੇ ਕੈਪਸੂਲ ਡਰੱਗ ਇੰਸਪੈਕਟਰ ਕੋਲ ਭੇਜੇ
ਭੁੱਚੋ ਚੌਕੀ ਇੰਚਾਰਜ ਪਰਬਤ ਸਿੰਘ ਨੇ ਦੱਸਿਆ ਕਿ ਇਸ ਔਰਤ ਕੋਲੋਂ ਫੜੇ ਗਏ ਕੈਪਸੂਲ ਡਰੱਗ ਇੰਸਪੈਕਟਰ ਕੋਲ ਭੇਜੇ ਗਏ ਹਨ। ਜੇ ਇਹ ਕੈਪਸੂਲ ਨਸ਼ੀਲੇ ਪਦਾਰਥਾਂ (ਨਾਰਕੋਟੈੱਕ ਡਰੱਗਜ਼) ਵਿੱਚ ਆਉਂਦੇ ਹੋਏ ਤਾਂ ਕੇਸ ਦਰਜ ਕਰ ਲਿਆ ਜਾਵੇਗਾ।