ਇਕਬਾਲ ਸਿੰਘ ਸ਼ਾਂਤ
ਲੰਬੀ, 7 ਦਸੰਬਰ
ਮੰਡੀ ਕਿੱਲਿਆਂਵਾਲੀ ਦੀ ਚੌਕੀ ਵਿਚ ਪੁਲੀਸ ਅਮਲੇ ਦੀ ਕਥਿਤ ਕੁੱਟਮਾਰ ਕਾਰਨ ਪੰਜਾਹ ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਪੁਲੀਸ ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ ਵਿੱਚ ਜੂਆ ਖੇਡਦੇ ਤਿੰਨ ਵਿਅਕਤੀਆਂ ਨੂੰ ਫੜ ਕੇ ਚੌਕੀ ਲੈ ਗਈ ਸੀ। ਮ੍ਰਿਤਕ ਦੀ ਪਛਾਣ ਮੋਹਨ ਲਾਲ ਉਰਫ ਭਾਊ ਵਾਸੀ ਡੱਬਵਾਲੀ ਵਜੋਂ ਹੋਈ ਹੈ। ਇਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਜਾਣਕਾਰ ਸਰਕਾਰੀ ਹਸਪਤਾਲ ਪੁੱਜੇ। ਉਨ੍ਹਾਂ ਭਾਊ ਨਾਲ ਕੁੱਟਮਾਰ ਕਰਨ ਵਾਲਿਆਂ ਵਿੱਚੋਂ ਇੱਕ ਪੁਲੀਸ ਮੁਲਾਜ਼ਮ ਦੀ ਖਿੱਚਧੂਹ ਵੀ ਕੀਤੀ। ਉਨ੍ਹਾਂ ਪੁਲੀਸ ’ਤੇ ਖੁੱਲ੍ਹੇਆਮ ਜੂਆ ਖੇਡਣ ਅਤੇ ਹੋਰ ਗੈਰ-ਸਮਾਜਿਕ ਕੰਮਾਂ ਲਈ ਰਿਸ਼ਵਤਖੋਰੀ ਦੇ ਦੋਸ਼ ਲਾਏ।
ਟਰੱਕ ਡਰਾਈਵਰ ਚੰਦਰ ਭਾਨ ਵਾਸੀ ਨਰਸਿੰਘ ਕਲੋਨੀ ਨੇ ਦੱਸਿਆ ਕਿ ਉਹ ਟਰੱਕ ਯੂਨੀਅਨ ’ਚ ਤਾਸ਼ ਖੇਡ ਰਹੇ ਸਨ ਤੇ ਮੋਹਨ ਲਾਲ ਉਰਫ਼ ਭਾਊ ਕੋਲ ਖੜ੍ਹਾ ਸੀ। ਇਸ ਮੌਕੇ ਚਾਰ ਪੁਲੀਸ ਮੁਲਾਜ਼ਮ ਉਨ੍ਹਾਂ ਨੂੰ ਚੌਕੀ ਲੈ ਗਏ ਜਿਥੇ ਪੁਲੀਸ ਮੁਲਾਜ਼ਮਾਂ ਨੇ ਭਾਊ ਦੀ ਬਾਂਹ ਮਰੋੜ ਕੇ ਉਸ ਦੀ ਪਿੱਠ ’ਚ ਗੋਡਾ ਮਾਰਿਆ ਜਿਸ ਕਾਰਨ ਭਾਊ ਜ਼ਮੀਨ ’ਤੇ ਡਿੱਗ ਪਿਆ। ਚੰਦਰ ਭਾਨ ਨੇ ਦੋਸ਼ ਲਾਇਆ ਕਿ ਚੌਕੀ ਅਮਲੇ ਵੱਲੋਂ ਟਰੱਕ ਯੂਨੀਅਨ ’ਚ ਜੂਆ ਖਿਡਾਉਣ ਦਾ ਤੀਹ ਹਜ਼ਾਰ ਰੁਪਏ ਮਹੀਨਾ ਰਿਸ਼ਵਤ ਲਈ ਜਾਂਦੀ ਹੈ। ਇੱਥੇ ਆਗੂਆਂ ਦੀ ਸ਼ਹਿ ’ਤੇ ਜੂਆ ਚੱਲਦਾ ਹੈ। ਟਰੱਕ ਡਰਾਈਵਰ ਗੁਰਜੰਟ ਸਿੰਘ ਨੇ ਕਿਹਾ ਕਿ ਜ਼ਮੀਨ ’ਤੇ ਡਿੱਗੇ ਭਾਊ ਨੂੰ ਵੇਖ ਕੇ ਸੰਭਾਲਣ ਦੀ ਥਾਂ ਚੌਕੀ ਅਮਲਾ ਡਰਾਮਾ ਕਰਨ ਦੀ ਗੱਲ ਆਖਦਾ ਰਿਹਾ। ਇਸੇ ਦੌਰਾਨ ਭਾਊ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਲੰਬੀ ਹਸਪਤਾਲ ’ਚ ਮੋਹਨ ਲਾਲ ਦੀ ਲਾਸ਼ ਵੀ ਪੁਲੀਸ ਗੱਡੀ ਵਿਚੋਂ ਉਤਾਰਨ ਨਹੀਂ ਦਿੱਤੀ। ਉਨ੍ਹਾਂ ਡੀਐਸਪੀ ਜਸਪਾਲ ਸਿੰਘ ਤੋਂ ਵੀ ਕਈ ਸੁਆਲ ਪੁੱਛੇ। ਡੀਐਸਪੀ ਨੇ ਪੁਲੀਸ ਮੁਲਾਜ਼ਮਾਂ ਵਲੋਂ ਕੁੱਟਮਾਰ ਕੀਤੇ ਜਾਣ ਤੋਂ ਇਨਕਾਰ ਕੀਤਾ। ਖਬਰ ਲਿਖੇ ਜਾਣ ਤਕ ਵੀ ਮਾਮਲਾ ਗਰਮਾਇਆ ਹੋਇਆ ਸੀ। ਉਹ ਭਾਊ ਦੀ ਮੌਤ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ’ਤੇ ਕਾਰਵਾਈ ਦੀ ਮੰਗ ਕਰ ਰਹੇ ਸਨ।