ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਨਵੰਬਰ
ਮਾਲ ਗੱਡੀਆਂ ਨਾ ਆਊਣ ਕਾਰਨ ਸੂਬਾ ਸਰਕਾਰ ਵੱਲੋਂ ਖ਼ਰੀਦੇ ਗਏ ਬਾਰਦਾਨੇ ਦੀਆਂ ਪੰਜਾਹ ਹਜ਼ਾਰ ਗੱਠਾਂ (ਢਾਈ ਕਰੋੜ ਬੋਰੀ) ਦਿੱਲੀ ਅਤੇ ਮੁਰਾਦਾਬਾਦ ’ਚ ਫਸੀਆਂ ਹੋਈਆਂ ਹਨ। ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਭਰ ’ਚ ਸਾਢੇ 22 ਕਰੋੜ ਬੋਰੀ ਲੱਗਣੀ ਹੈ। ਫੂਡ ਸਪਲਾਈ ਵਿਭਾਗ ਦੀ ਸੂਬਾਈ ਡਾਇਰੈਕਟਰ ਵਜੋਂ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਵਾਚ ਰਹੇ ਅਨਿੰਦਿਤਾ ਮਿੱਤਰਾ (ਆਈਏਐੱਸ) ਨੇ ਬਾਰਦਾਨੇ ਦੀ ਤੋਟ ਦੀ ਗੱਲ ਮੰਨੀ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਨਾਲ ਨਜਿੱਠਣ ਲਈ 70 ਫੀਸਦੀ ਬਾਰਦਾਨਾ ਮਿੱਲਰਾਂ ਦਾ ਵਰਤਿਆ ਜਾ ਰਿਹਾ ਹੈ, ਜਦਕਿ 30 ਫੀਸਦੀ ਬਾਰਦਾਨੇ ਦਾ ਪ੍ਰਬੰਧ ਸਰਕਾਰ ਨੇ ਕਰਕੇ ਦਿੱਤਾ। ਦੂਜੇ ਬੰਨ੍ਹੇ ਐਤਕੀਂ ਕਰੀਬ 15 ਲੱਖ ਹੈਕਟੇਅਰ ਵਿੱਚ ਬੀਜੀ ਜਾਣ ਵਾਲੀ ਕਣਕ ਲਈ 5.35 ਲੱਖ ਟਨ ਡੀਏਪੀ ਤੇ 15 ਲੱਖ ਟਨ ਯੂਰੀਏ ਦੀ ਲੋੜ ਹੈ ਪਰ ਮਾਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ’ਚ ਦੋ ਲੱਖ ਟਨ ਡੀਏਪੀ ਤੇ ਦਸ ਲੱਖ ਟਨ ਯੂਰੀਆ ਦੀ ਘਾਟ ਬਣੀ ਹੋਈ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਰਾਜੇਸ਼ ਵਸ਼ਿਸ਼ਟ ਨੇ ਇਨ੍ਹਾਂ ਘਾਟਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਿਜਾਈ ਪੱਛੜਨ ਦੀ ਸੂਰਤ ਵਿੱਚ ਇਕ ਏਕੜ ਪਿੱਛੇ ਕਰੀਬ ਡੇਢ ਕੁਇੰਟਲ ਝਾੜ ਘਟ ਸਕਦਾ ਹੈ।
ਉਧਰ ਕਿਸਾਨ ਨੇਤਾ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਖ਼ਿਲਾਫ਼ ਹੱਕਾਂ ਦੀ ਲੜਾਈ ਦੌਰਾਨ ਕਿਸਾਨ ਕਿਸੇ ਵੀ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਸੜਕ ਆਵਾਜਾਈ ਰਾਹੀਂ ਪੰਜਾਬ ਆ ਰਿਹਾ ਬਾਰਦਾਨਾ ਹਰਿਆਣਾ ’ਚ ਰੋਕਿਆ
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੜਕੀ ਆਵਾਜਾਈ ਰਾਹੀਂ ਲਿਆਂਦਾ ਜਾ ਰਿਹਾ ਬਾਰਦਾਨਾ ਫਰੀਦਾਬਾਦ (ਹਰਿਆਣਾ) ਵਿੱਚ ਰੋਕ ਦੇਣ ਨਾਲ ਪੰਜਾਬ ’ਚ ਝੋਨਾ ਖਰੀਦ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਮਾਲ ਗੱਡੀਆਂ ਨਾ ਚਲਾਉਣ ਕਰਕੇ ਸੂਬੇ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਅਤੇ ਨਵੀਂ ਫ਼ਸਲ ਨੂੰ ਭੰਡਾਰ ਕਰਨ ਵਿੱਚ ਮੁਸੀਬਤ ਖੜ੍ਹੀ ਹੋਣ ਦਾ ਖ਼ਦਸ਼ਾ ਹੈ। ਮਾਲ ਗੱਡੀਆਂ ਨਾ ਚੱਲਣ ਕਾਰਨ ਜਿੱਥੇ ਬਰਦਾਨਾ ਨਹੀਂ ਪਹੁੰਚ ਰਿਹਾ, ਉੱਥੇ ਹੀ ਸ਼ੈਲਰਾਂ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਲਗਪਗ ਰੁਕ ਗਿਆ ਹੈ। ਸਪੈਸ਼ਲ ਨਾ ਲੱਗਣ ਕਾਰਨ ਸ਼ੈਲਰਾਂ ਵਿੱਚ ਪੁਰਾਣੀ ਕਣਕ ਦੇ ਅੰਬਾਰ ਲੱਗ ਗਏ ਹਨ। ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਬਾਰਦਾਨਾ ਕੋਲਕਾਤਾ ਤੋਂ ਆਉਂਦਾ ਹੈ, ਜੋ ਰੇਲ ਆਵਾਜਾਈ ਬੰਦ ਹੋਣ ਕਰਕੇ ਨਹੀਂ ਆ ਰਿਹਾ। ਕੁਝ ਬਾਰਦਾਨਾ ਸੜਕੀ ਆਵਾਜਾਈ ਰਾਹੀਂ ਲਿਆਂਦਾ ਜਾ ਰਿਹਾ ਸੀ, ਉਹ ਵੀ ਫਰੀਦਾਬਾਦ ਵਿੱਚ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਅਗਲੇ ਕੁਝ ਦਿਨ ਹੋਰ ਬਾਰਦਾਨਾ ਨਾ ਆਇਆ ਤਾਂ ਹੋਰਨਾਂ ਜ਼ਿਲ੍ਹਿਆਂ ਵਾਂਗ ਮੋਗਾ ਵਿੱਚ ਵੀ ਝੋਨੇ ਦੀ ਖਰੀਦ ਦਾ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵਾਰ 13 ਲੱਖ ਮੀਟਰਕ ਟਨ ਝੋਨੇ ਦੀ ਸਰਕਾਰੀ ਖਰੀਦ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚੋਂ 8 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਪਰ ਹੁਣ ਝੋਨੇ ਨੂੰ ਸੰਭਾਲਣ ਲਈ ਬਾਰਦਾਨੇ ਦੀ ਕਮੀ ਹੋ ਗਈ ਹੈ।