ਪੱਤਰ ਪ੍ਰੇਰਕ
ਮੋਰਿੰਡਾ, 16 ਜੁਲਾਈ
ਮੋਰਿੰਡਾ ਦੇ ਵਾਰਡ ਨੰਬਰ 10, ਮੁਹੱਲਾ ਜੋਗੀਆਂ ਵਾਲਾ ਵਿੱਚ ਮਗਰਲੇ ਇੱਕ ਮਹੀਨੇ ਤੋਂ ਪੀਣ ਵਾਲਾ ਪਾਣੀ ਗੰਧਲਾ ਆ ਰਿਹਾ ਹੈ, ਜਿਸਨੂੰ ਪੀਣ ਕਾਰਨ ਮੁਹੱਲੇ ਦੇ ਪੰਦਰਾਂ ਪਰਿਵਾਰ ਬਿਮਾਰ ਹੋ ਗਏ ਹਨ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਗੰਧਲੇ ਪਾਣੀ ਦੀ ਸਮੱਸਿਆ ਸਬੰਧੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਰਜਸਾਧਕ ਅਫ਼ਸਰ ਮੋਰਿੰਡਾ ਅਸ਼ੋਕ ਪਥਰੀਆ ਨੂੰ ਦੱਸ ਚੁੱਕੇ ਹਨ, ਪਰ ਨਗਰ ਕੌਂਸਲ ਮੋਰਿੰਡਾ ਤੇ ਵਾਟਰ ਸਪਲਾਈ ਵਿਭਾਗ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ। ਭਾਗ ਸਿੰਘ ਦਾ ਕਹਿਣਾ ਹੈ ਕਿ ਸਾਡੇ ਮੁਹੱਲੇ ਦੇ 15 ਪਰਿਵਾਰ ਗੰਦਾ ਪਾਣੀ ਪੀਣ ਕਾਰਨ ਹੈਜ਼ਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਵੱਡੇ ਪੱਧਰ ’ਤੇ ਬਿਮਾਰੀ ਫੈ਼ਲਣ ਦਾ ਖਤਰਾ ਬਣਿਆ ਹੋਇਆ ਹੈ। ਉਪਰੋਕਤ ਵਿਅਕਤੀਆਂ ਨੇ ਐੱਸਡੀਐੱਮ ਮੋਰਿੰਡਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕਰਵਾਉਣ।