ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਅਕਤੂਬਰ
ਸਬ-ਡਵੀਜ਼ਨ ਪਾਤੜਾਂ ਦੇ ਘੱਗਾ ਨੇੜਲੇ ਪਿੰਡ ਬਰਾਸ ਵਿੱਚ ਨਕਲੀ ਡੀਏਪੀ ਖਾਦ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪਿੰਡ ਦੇ ਕਈ ਕਿਸਾਨ ਠੱਗੇ ਜਾ ਚੁੱਕੇ ਹਨ। ਖਾਦ ਵਿਕਰੇਤਾ ਨੇ ਕੁਝ ਕਿਸਾਨਾਂ ਤੋਂ ਖਾਦ ਵਾਪਸ ਲੈ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਡੀਏਪੀ ਨਿਰਮਾਤਾ ਇਕ ਨਾਮੀ ਕੰਪਨੀ ਦੇ ਬ੍ਰਾਂਡ ਵਾਲੇ ਥੈਲਿਆਂ ਵਿੱਚ ਭਰ ਕੇ ਨਕਲੀ ਖਾਦ ਵੇਚੀ ਗਈ ਸੀ।
ਪਿੰਡ ਬਰਾਸ ਦੇ ਕਿਸਾਨ ਪਰਗਟ ਸਿੰਘ ਅਤੇ ਸ਼ਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਇੱਕ ਜਣਾ ਡੀਏਪੀ ਖਾਦ ਦੇ ਚਾਰ ਟਰੱਕ ਲੈ ਕੇ ਆਇਆ ਹੈ। ਉਸ ਤੋਂ ਪਿੰਡ ਦੇ ਕਿਸਾਨਾਂ ਨੇ ਖਾਦ ਲੈ ਕੇ ਰੱਖੀ ਹੋਈ ਹੈ। ਉਨ੍ਹਾਂ ਇਕ ਕਿਸਾਨ ਤੋਂ ਖਾਦ ਉਧਾਰ ਲੈ ਕੇ ਆਲੂ ਬੀਜ ਲਏ। ਜਦੋਂ ਖਾਦ ਨੂੰ ਪਾਣੀ ਵਿੱਚ ਪਾਇਆ ਤਾਂ ਪਾਣੀ ਦਾ ਰੰਗ ਕਾਲਾ ਹੋ ਗਿਆ, ਜਿਸ ’ਤੇ ਉਨ੍ਹਾਂ ਨੂੰ ਖਾਦ ਨਕਲੀ ਹੋਣ ਦਾ ਸ਼ੱਕ ਹੋਇਆ। ਆਲੂਆਂ ਵਾਲੇ ਖੇਤ ਵਿੱਚੋਂ ਆਗੂ ਨਾ ਉੱਗਣ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨ ਖਾਦ ਲੱਭ ਰਹੇ ਸਨ। ਉਨ੍ਹਾਂ ਦੇ ਪਿੰਡ ਵਿੱਚ ਚਾਰ ਟਰੱਕ ਖਾਦ ਦੇ ਆਉਣ ’ਤੇ ਪਿੰਡ ਦੇ ਕਿਸਾਨਾਂ ਨੇ ਕਰੀਬ 1400 ਥੈਲੇ ਡੀਏਪੀ ਖਾਦ ਦੇ ਖ਼ਰੀਦ ਲਏ। ਇਹ ਖਾਦ ਨਕਲੀ ਹੋਣ ਬਾਰੇ ਰੌਲਾ ਪੈਣ ’ਤੇ ਖਾਦ ਵੇਚਣ ਵਾਲਿਆਂ ਨੇ ਕਈ ਕਿਸਾਨਾਂ ਤੋਂ ਖਾਦ ਵਾਪਸ ਲੈ ਲਈ ਹੈ। ਕਈ ਕਿਸਾਨ ਇਸ ਖਾਦ ਨਾਲ ਆਲੂਆਂ ਦੀ ਬਿਜਾਈ ਕਰ ਚੁੱਕੇ ਹਨ। ਉਨ੍ਹਾਂ ਨੇ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਬਾਰੇ ਖੇਤੀਬਾੜੀ ਅਫ਼ਸਰ ਸਮਾਣਾ ਨੇ ਕਿਹਾ ਕਿ ਇਸ ਸਬੰਧੀ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।