ਚਰਨਜੀਤ ਭੁੱਲਰ
ਚੰਡੀਗੜ੍ਹ, 20 ਮਾਰਚ
ਪੰਜਾਬ ਦੇ ਗੰਨਾ ਕਾਸ਼ਤਕਾਰ ਬਿਨਾਂ ਖਾਦ ਤੋਂ ਗੰਨੇ ਦੀ ਬਿਜਾਈ ਕਰਨ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ਨੂੰ ਖਾਦ ਸੰਕਟ ਝੱਲਣਾ ਪੈ ਰਿਹਾ ਹੈ। ਪਹਿਲਾਂ ਮੱਕੀ ਕਾਸ਼ਤਕਾਰਾਂ ਨੂੰ ਡੀਏਪੀ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਗੰਨੇ ਦੀ ਬਿਜਾਈ ਵਾਸਤੇ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲ ਰਹੀ। ਅਗਲੇ ਸੀਜ਼ਨ ਵਿੱਚ ਵੀ ਪੰਜਾਬ ਨੂੰ ਖਾਦ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਸ-ਯੂਕਰੇਨ ਜੰਗ ਕਾਰਨ ਖਾਦ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ ਤੇ ਉੱਪਰੋਂ ਖਾਦ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਾਫ਼ੀ ਵਧ ਗਈ ਹੈ।
ਕੇਂਦਰ ਸਰਕਾਰ ਅਜਿਹੇ ਹਾਲਾਤ ਵਿੱਚ ਖਾਦ ਦੇ ਭਾਅ ਵਿੱਚ ਕਿਸੇ ਵੇਲੇ ਵੀ ਵਾਧਾ ਕਰ ਸਕਦੀ ਹੈ। ਹਾੜ੍ਹੀ ਦੇ ਸੀਜ਼ਨ ਵਿੱਚ ਡੀਏਪੀ ਖਾਦ ਦੀ ਕੀਮਤ ਕੌਮਾਂਤਰੀ ਮਾਰਕੀਟ ਵਿੱਚ 670 ਡਾਲਰ ਪ੍ਰਤੀ ਮੀਟਰਿਕ ਟਨ ਸੀ, ਜੋ ਹੁਣ ਵਧ ਕੇ 940 ਡਾਲਰ ਪ੍ਰਤੀ ਮੀਟਰਿਕ ਟਨ ਹੋ ਗਈ ਹੈ। ਇਸੇ ਤਰ੍ਹਾਂ ਯੂਰੀਆ ਦੀ ਕੀਮਤ ਦੋ ਸਾਲ ਪਹਿਲਾਂ 215 ਡਾਲਰ ਪ੍ਰਤੀ ਮੀਟਰਿਕ ਟਨ ਸੀ, ਜੋ ਬੀਤੇ ਵਰ੍ਹੇ ਵਧ ਕੇ 450 ਡਾਲਰ ਹੋ ਗਈ। ਮੌਜੂਦਾ ਸਮੇਂ ’ਚ ਯੂਰੀਆ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 957 ਡਾਲਰ ਪ੍ਰਤੀ ਮੀਟਰਿਕ ਟਨ ਹੈ।
ਦੋਆਬਾ ਖੇਤਰ ਵਿੱਚ ਮੱਕੀ ਦੀ ਬਿਜਾਈ ਦਾ ਕੰਮ 15 ਜਨਵਰੀ ਤੋਂ ਫਰਵਰੀ ਦੇ ਅਖੀਰ ਤੱਕ ਚੱਲਿਆ ਹੈ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹਰਦਾਸਪੁਰ ਦੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਤੋਂ ਵੀ ਡੀਏਪੀ ਖਾਦ ਨਹੀਂ ਮਿਲੀ ਜਿਸ ਕਰਕੇ ਮੱਕੀ ਦੀ ਬਿਜਾਂਦ ਬਿਨਾਂ ਖਾਦ ਤੋਂ ਕਰਨੀ ਪਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਰਾਣਾ ਕਲਾਂ ਦੇ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਉਹ ਮੱਕੀ ਤੇ ਗੰਨੇ ਦੀ ਕਾਸ਼ਤ ਕਰਦਾ ਹੈ, ਪਰ ਐਤਕੀਂ ਪਹਿਲੀ ਵਾਰ ਹੈ ਕਿ ਉਨ੍ਹਾਂ ਨੂੰ ਦੋਵਾਂ ਫ਼ਸਲਾਂ ਵਾਸਤੇ ਡੀਈਪੀ ਖਾਦ ਨਹੀਂ ਮਿਲੀ। ਜਲੰਧਰ ਜ਼ਿਲ੍ਹੇ ਦੇ ਪਿੰਡ ਲੱਲੀਆਂ ਦੇ ਕਿਸਾਨ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਗੰਨੇ ਦੀ ਕਾਸ਼ਤ ਲਈ ਪ੍ਰਤੀ ਏਕੜ ਪਿੱਛੇ ਦੋ ਗੱਟੇ ਡੀਏਪੀ ਖਾਦ ਦੀ ਲੋੜ ਹੈ, ਪਰ ਮਾਰਕੀਟ ਵਿੱਚ ਖਾਦ ਉਪਲੱਬਧ ਨਹੀਂ ਹੈ। ਇਸੇ ਤਰ੍ਹਾਂ ਹੋਰ ਕਾਸ਼ਤਕਾਰ ਖਾਦ ਲਈ ਦੁਹਾਈ ਪਾ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕਰੀਬ 60 ਫ਼ੀਸਦ ਗੰਨੇ ਦੀ ਬਿਜਾਂਦ ਹੋ ਚੁੱਕੀ ਹੈ। ਐਤਕੀਂ 1.30 ਲੱਖ ਹੈਕਟੇਅਰ ਰਕਬਾ ਗੰਨੇ ਦੀ ਬਿਜਾਂਦ ਹੇਠ ਆਉਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਖਾਦ ਨਹੀਂ ਆ ਰਹੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਸਿਰਫ਼ ਛੇ ਹਜ਼ਾਰ ਟਨ ਖਾਦ ਹੀ ਸੂਬੇ ਵਿੱਚ ਆਈ ਹੈ।
ਸੂਤਰ ਦੱਸਦੇ ਹਨ ਕਿ ਖਾਦ ਕੰਪਨੀਆਂ ਲਈ ਇਸ ਵੇਲੇ ਬਾਹਰੋਂ ਖਾਦ ਲੈਣਾ ਕਾਫ਼ੀ ਮਹਿੰਗਾ ਸੌਦਾ ਹੈ ਤੇ ਕੇਂਦਰ ਸਰਕਾਰ ਨੇ ਖਾਦ ਦੇ ਵਧੇ ਭਾਅ ਮੁਤਾਬਕ ਸਬਸਿਡੀ ਨਹੀਂ ਐਲਾਨੀ, ਜਿਸ ਕਰਕੇ ਹੁਣ ਖਾਦ ਕੰਪਨੀਆਂ ਨੂੰ ਖਾਦ ਦੇ ਭਾਅ ਵਿੱਚ ਵਾਧੇ ਦੀ ਉਡੀਕ ਬਣੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਰਕੇ ਮੱਕੀ ਤੇ ਗੰਨਾ ਕਾਸ਼ਤਕਾਰਾਂ ਨੂੰ ਬਿਨਾਂ ਖਾਦ ਤੋਂ ਬਿਜਾਈ ਕਰਨੀ ਪਈ ਹੈ ਤੇ ਇਸ ਦਾ ਫ਼ਸਲ ਦੇ ਝਾੜ ’ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਾਦ ਦੇ ਸੰਕਟ ਦੇ ਹੱਲ ਲਈ ਕੋਈ ਚਾਰਾਜੋਈ ਨਹੀਂ ਕੀਤੀ ਹੈ।
ਕਿਸਾਨਾਂ ਨੇ ਪਹਿਲਾਂ ਹੀ ਭੰਡਾਰ ਕੀਤੀ ਖਾਦ : ਡਾਇਰੈਕਟਰ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਗੰਨੇ ਦੀ ਬਿਜਾਈ 40 ਫ਼ੀਸਦ ਹੀ ਬਾਕੀ ਹੈ ਤੇ ਮਿੱਟੀ ਦੀ ਪਰਖ ਦੇ ਆਧਾਰ ’ਤੇ ਹੀ ਖੇਤ ਵਿੱਚ ਖਾਦ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਇਲਾਕੇ ਵਿੱਚ ਭਲਕੇ ਖਾਦ ਦੇ ਦੋ ਰੈਕ ਆ ਜਾਣੇ ਹਨ ਅਤੇ ਜਿੱਥੇ ਕਿਤੇ ਕੋਈ ਦਿੱਕਤ ਹੈ, ਉਹ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਐਤਕੀਂ ਕਿਸਾਨਾਂ ਨੇ ਖਾਦ ਪਹਿਲਾਂ ਹੀ ਭੰਡਾਰ ਕਰ ਲਈ ਸੀ।