ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਜੁਲਾਈ
ਪੰਜਾਬ ਪੁਲੀਸ ਦੇ ਐਂਟੀ ਕੁਰੱਪਸ਼ਨ ਸੈੱਲ ਦੀ ਟੀਮ ਨੇ ਬੁੱਧਵਾਰ ਦੇਰ ਸ਼ਾਮ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਇਸ ਮਾਮਲੇ ਵਿੱਚ ਫ਼ਰੀਦਕੋਟ ਦੇ ਡੀਐੱਸਪੀ (ਡੀ) ਲਖਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਲਖਵੀਰ ਸਿੰਘ ’ਤੇ ਇੱਕ ਤਸਕਰ ਨੂੰ ਤਰਨ ਤਾਰਨ ਵਿੱਚ ਐੱਨਡੀਪੀਐੱਸ ਐਕਟ ਤਹਿਤ ਦਰਜ ਇੱਕ ਐਫਆਈਆਰ ਵਿੱਚ ਨਾਮਜ਼ਦ ਨਾ ਕਰਨ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ। ਐਂਟੀ ਕੁਰੱਪਸ਼ਨ ਟੀਮ ਦੇ ਅਧਿਕਾਰੀਆਂ ਨੇ ਡੀਐੱਸਪੀ ਪਾਸੋਂ ਰਿਸ਼ਵਤ ਦੇ ਨੌਂ ਲੱਖ ਸਤਾਨਵੇਂ ਹਜ਼ਾਰ ਰੁਪਏ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਹੈ। ਇਸੇ ਕੜੀ ਤਹਿਤ ਦੇਰ ਸ਼ਾਮ ਡੀਆਈਜੀ ਇੰਦਰਬੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਪੁਲੀਸ ਅਧਿਕਾਰੀਆਂ ਨੇ ਪੜਤਾਲ ਵਿੱਚ ਸ਼ਾਮਲ ਹੋਣ ਲਈ ਡੀਆਈਜੀ ਨੂੰ ਫ਼ੋਨ ਕਰਕੇ ਪਹਿਲਾਂ ਤਰਨ ਤਾਰਨ ਸੱਦਿਆ ਤੇ ਬਾਅਦ ਵਿੱਚ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੂਤਰ ਦਸਦੇ ਹਨ ਕਿ ਰਿਸ਼ਵਤ ਦਾ ਵੱਡਾ ਹਿੱਸਾ ਕਥਿਤ ਤੌਰ ’ਤੇ ਡੀਆਈਜੀ ਨੂੰ ਵੀ ਗਿਆ ਹੈ ਪਰ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਹੋ ਸਕੀ ਅਤੇ ਨਾ ਹੀ ਕੋਈ ਬਰਾਮਦਗੀ ਹੋਈ ਹੈ।