ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਕਤੂਬਰ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਫ਼ਿਰੋਜ਼ਪੁਰ ਰੇਲ ਮੰਡਲ ਨੂੰ 23 ਦਿਨ ਵਿੱਚ 300 ਕਰੋੜ ਤੋਂ ਵੱਧ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ 24 ਸਤੰਬਰ ਤੋਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ। ਪੰਜਾਬ ’ਚ 33 ਵੱਖ-ਵੱਖ ਸਥਾਨਾਂ ’ਤੇ ਰੇਲ ਪਟੜੀਆਂ ਉੱਤੇ ਕਿਸਾਨ ਬੈਠੇ ਹਨ। ਯਾਤਰੀ ਅਤੇ ਮਾਲ ਗੱਡੀਆਂ ਪੰਜਾਬ ’ਚ ਆ-ਜਾ ਨਹੀਂ ਸਕਦੀਆਂ ਹਨ। ਰੇਲਵੇ ਸੂਤਰਾਂ ਮੁਤਾਬਕ ਰੇਲ ਰੋਕੋ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਰੋਜ਼ 28 ਮਾਲ ਅਤੇ 14 ਯਾਤਰੀ ਗੱਡੀਆਂ ਪੰਜਾਬ ਤੋਂ ਚੱਲ ਰਹੀਆਂ ਸਨ। ਫਿਰੋਜ਼ਪੁਰ ਡਿਵੀਜ਼ਨ ਆਪਣੇ ਖੇਤਰ ਪੰਜਾਬ ਸੂਬੇ ਤੋਂ ਰੋਜ਼ 14 ਕਰੋੜ ਰੁਪਏ ਮਾਲੀਆ ਇਕੱਠਾ ਕਰ ਰਿਹਾ ਸੀ। 23 ਸਤੰਬਰ ਤੋਂ ਪਹਿਲਾਂ 650 ਮਾਲ ਗੱਡੀਆਂ ਨਾਲ ਰੇਲਵੇ ਨੂੰ ਮਾਲੀਏ ਦੇ ਰੂਪ ’ਚ 327 ਕਰੋੜ ਰੁਪਏ ਦੀ ਆਮਦਨ ਹੋਈ ਸੀ। ਉਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ’ਚ 7 ਅਕਤੂਬਰ ਤੱਕ ਯਾਤਰੀਆਂ ਨੂੰ 55 ਲੱਖ ਰੁਪਏ ਦਾ ਰਿਫੰਡ ਕੀਤਾ ਗਿਆ ਹੈ। ਐੱਨਐੱਚਏਆਈ ਨੂੰ 8 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।
ਉਤਰੀ ਰੇਲਵੇ ਫਿਰੋਜ਼ਪੁਰ ਡਿਵੀਜ਼ਨਲ ਮੈਨੇਜਰ ਰਾਜੇਸ਼ ਅਗਰਵਾਲ ਨੇ ਕਿਸਾਨਾਂ ਦੇ ਸ਼ਾਂਤ ਪ੍ਰਦਰਸ਼ਨ ਕਰਨ ਦੀ ਸ਼ਲਾਘਾ ਕਰਦੇ ਆਖਿਆ ਕਿ ਕਿਸਾਨਾਂ ਨੇ ਰੇਲਵੇ ਸੰਪਤੀ ਦਾ ਕੋਈ ਨੁਕਸਾਨ ਨਹੀਂ ਕੀਤਾ। ਉਨ੍ਹਾਂ ਨੂੰ ਲੋਕ ਹਿਤ ਵਿੱਚ ਧਰਨੇ ਖ਼ਤਮ ਕਰਨ ਦੀ ਅਪੀਲ ਕਰਦੇ ਕਿਹਾ ਕਿ ਜਿਥੇ ਸਰਕਾਰੀ ਮੁਲਾਜ਼ਮ, ਆਮ ਲੋਕ ਖ਼ੁਆਰ ਹੋ ਰਹੇ ਹਨ ਉਥੇ ਖਾਦ, ਕੋਲਾ ਦੀ ਘਾਟ ਰੜਕਣ ਲੱਗ ਪਈ ਹੈ।