ਮੁੱਖ ਅੰਸ਼
- ਮਹਿਲਾਵਾਂ ਵੀ ਲਾਠੀਆਂ ਦਾ ਹੋਈਆਂ ਸ਼ਿਕਾਰ
- ਪੁਲੀਸ ਨੇ ਕਈ ਆਗੂ ਹਿਰਾਸਤ ’ਚ ਲੈਣ ਮਗਰੋਂ ਰਿਹਾਅ ਕੀਤੇ
-
ਪ੍ਰਸ਼ਾਸਨ ਨੇ ਭਲਕੇ ਸੰਸਦ ਮੈਂਬਰ ਪਰਨੀਤ ਕੌਰ ਨਾਲ ਮੀਟਿੰਗ ਦਾ ਭਰੋਸਾ ਦਿੱਤਾ
ਰਵੇਲ ਸਿੰਘ ਭਿੰਡਰ
ਪਟਿਆਲਾ, 11 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੀ ਪੁਲੀਸ ਦੇ ਡਰੋਂ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਦੋ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉੱਧਰ ਪੰਜ ਜਥੇਬੰਦੀਆਂ ਆਧਾਰਿਤ ਗਠਿਤ ‘ਬੇਰੁਜ਼ਗਾਰ ਸਾਂਝਾ ਮੋਰਚਾ’ ਦੇ ਸੱਦੇ ਉੱਤੇ ਅੱਜ ‘ਨਿਊ ਮੋਤੀ ਬਾਗ ਪੈਲੇਸ’ ਦੇ ਘਿਰਾਓ ਲਈ ਪੋਲੋ ਗਰਾਊਂਡ ਕੋਲ ਅੱਪੜੇ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ’ਤੇ ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਪੁਲੀਸ ਨੇ ਮੋਰਚੇ ਦੀ ਲੀਡਰਸ਼ਿਪ, ਜਿਸ ਵਿੱਚ ਅੱਠ ਮਹਿਲਾਵਾਂ ਵੀ ਸ਼ਾਮਲ ਹਨ, ਨੂੰ ਵੀ ਜਬਰੀ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਕਈ ਮਹਿਲਾਵਾਂ ਨੂੰ ਵੀ ਸੱਟਾਂ ਲੱਗੀਆਂ ਹਨ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਅੱਜ ਵੱਖ-ਵੱਖ ਦੋ ਬੇਰੁਜ਼ਗਾਰ ਅਧਿਆਪਕ ਗੁੱਟਾਂ ਵੱਲੋਂ ਰੁਜ਼ਗਾਰ ਪ੍ਰਾਪਤੀ ਤੇ ਸਬੰਧਤ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਦੀ ਸਥਾਨਕ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਸ਼ਹਿਰ ’ਚ ਚੱਪੇ ਚੱਪੇ ’ਤੇ ਪੁਲੀਸ ਕਰਮੀ ਤੇ ਖੁਫ਼ੀਆਤੰਤਰ ਮੁਸਤੈਦ ਸੀ। ਅਜਿਹੇ ਦੌਰਾਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੱਦੇ ’ਤੇ ਪ੍ਰਦਰਸ਼ਨਕਾਰੀ ਜਿਉਂ ਹੀ ਬਾਰਾਂਦਰੀ ’ਚ ਇਕੱਤਰ ਹੋਏ ਤਾਂ ਪੁਲੀਸ ਬਲਾਂ ਨੇ ਇਕੱਠ ਨੂੰ ਜਬਰੀ ਖਦੇੜਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸਮੇਤ ਵੱਡੀ ਗਿਣਤੀ ਹੋਰ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਲਿਆ। ਇਸ ਦੇ ਰੋਸ ਵਜੋਂ ਜਿੱਥੇ ਮਗਰਲੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਰੋਡ ’ਤੇ ਪੈਂਂਦੇ ਭਾਖੜਾ ਪੁਲ ’ਤੇ ਜਾਮ ਲਗਾ ਦਿੱਤਾ, ਉੱਥੇ ਹੀ ਪੁਲੀਸ ਦੀ ਮੁੜ ਸਖ਼ਤੀ ਨੂੰ ਭਾਂਪਦਿਆਂ ਦੋ ਕਾਰਕੁਨਾਂ, ਅਮਨ ਤੇ ਭਾਰਤ ਦੋਵੇਂ ਵਾਸੀ ਫਾਜ਼ਿਲਕਾ, ਨੇ ਵਗਦੀ ਨਹਿਰ ’ਚ ਛਾਲ ਮਾਰ ਖ਼ੁਦਕੁੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਕਾਰਕੁਨ ਭਾਵੇਂ ਤੇਜ਼ ਪਾਣੀ ’ਚ ਰੁੜਦੇ ਰਹੇ ਪਰ ਪੁਲੀਸ ਵੱਲੋਂ ਹੀ ਪਹਿਲਾਂ ਤੋਂ ਮੁਸਤੈਦ ਕੀਤੀ ਗੋਤਾਖੋਰਾਂ ਦੀ ਟੀਮ ਨੇ ਉਨ੍ਹਾਂ ਨੂੰ ਬਚਾਅ ਲਿਆ, ਜਿਨ੍ਹਾਂ ’ਚੋਂ ਇੱਕ ਕਾਰਕੁਨ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ। ਉਂਜ ਦੋਵੇਂ ਕਾਰਕੁਨਾਂ ਨੇ ਸਰਕਾਰੀ ਸਿਹਤ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ।
ਆਗੂਆਂ ਗਿਲਾ ਕੀਤਾ ਕਿ ਰੁਜ਼ਗਾਰ ਪ੍ਰਾਪਤੀ ਨੂੰ ਲੈ ਕੇ ਜਥੇਬੰਦੀ ਦੇ ਦੋ ਸਾਥੀ ਪਿਛਲੇ 22 ਦਿਨਾਂ ਤੋਂ ਟਾਵਰ ’ਤੇ ਚੜ੍ਹ ਕੇ ਰੋਸ ਪ੍ਰਗਟਾ ਰਹੇ ਹਨ, ਪਰ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਲਟਾ ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲੀਸ ਉਨ੍ਹਾਂ ਨੂੰ ਜਮਹੂਰੀ ਹੱਕ ਹੇਠ ਪ੍ਰਦਰਸ਼ਨ ਕਰਨ ਤੋਂ ਵੀ ਜਬਰੀ ਰੋਕ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬਾਰਾਂਦਰੀ ਦੀ ਇਕੱਤਰਤਾ ਦੌਰਾਨ ਮਹਿਲਾਵਾਂ ਸਮੇਤ ਦਰਜਨਾਂ ਕਾਰਕੁਨਾਂ ਨੂੰ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਆਖਿਆ ਕਿ ਸਰਕਾਰ ਦੇ ਕੰਨ ਖੁੱਲ੍ਹਣ ਤੱਕ ਉਹ ਸੜਕ ’ਤੇ ਜਾਮ ਲਗਾਈ ਰੱਖਣਗੇ।
ਉਧਰ ਪੰਜ ਬੇਰੁਜ਼ਗਾਰ ਜਥੇਬੰਦੀਆਂ, ਜਿਨ੍ਹਾਂ ਵਿੱਚ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ.ਪੀ.ਈ.ਯੂਨੀਅਨ, ਬੇਰੁਜ਼ਗਾਰ ਪੀ.ਟੀ.ਆਈ. ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ ਅਤੇ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਸ਼ਾਮਲ ਸਨ, ਦੇ ਕਾਰਕੁਨ ਅੱਜ ਦੇ ਉਲੀਕੇ ਪ੍ਰੋਗਰਾਮ ਮੁਤਾਬਕ ਵਾਇਆ ਠੀਕਰੀ ਵਾਲਾ ਚੌਕ ਜਿਉਂ ਹੀ ਮੋਤੀ ਬਾਗ ਪੈਲੇਸ ਵੱਲ ਜਾਣ ਲੱਗੇ ਤਾਂ ਪੋਲੋ ਗਰਾਊਂਡ ਦੇ ਤਿਕੋਣੇ ਚੌਕ ਕੋਲ ਤਾਇਨਾਤ ਵੱਡੀ ਗਿਣਤੀ ਪੁਲੀਸ ਨੇ ਬੈਰੀਕੇਡਿੰਗ ਜ਼ਰੀਏ ਕਾਰਕੁਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਕਾਰਕੁਨ ਜਬਰੀ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ ਜਿਸ ਕਾਰਨ ਬੇਰੁਜ਼ਗਾਰਾਂ ਅਧਿਆਪਕਾਂ ਨੂੰ ਉਥੋਂ ਦੌੜਨਾ ਪਿਆ ਅਤੇ ਕਈ ਮਹਿਲਾਵਾਂ ਨੂੰ ਵੀ ਲਾਠੀਆਂ ਦੀ ਮਾਰ ਸਹਿਣੀ ਪਈ। ਇਸੇ ਦੌਰਾਨ ਪੁਲੀਸ ਨੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਦਰਸ਼ਨ ਤੇ ਬਲਕਾਰ ਸਮੇਤ 17 ਕਾਰਕੁਨਾਂ, ਜਿਨ੍ਹਾਂ ’ਚ ਅੱਠ ਮਹਿਲਾਵਾਂ ਵੀ ਸ਼ਾਮਲ ਸਨ, ਨੂੰ ਜਬਰੀ ਹਿਰਾਸਤ ’ਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ।
ਆਗੂਆਂ ਦੀ ਰਿਹਾਈ ਮਗਰੋਂ ਧਰਨਾ ਸਮਾਪਤ
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੱਸਿਆ ਕਿ ਪੁਲੀਸ ਵੱਲੋਂ ਕਈ ਮਹਿਲਾਵਾਂ ਸਣੇ ਦਰਜਨ ਦੇ ਕਰੀਬ ਕਾਰਕੁਨਾਂ ’ਤੇ ਲਾਠੀਚਾਰਜ ਕੀਤਾ ਗਿਆ ਹੈ, ਜਿਸ ਕਾਰਨ ਕਈ ਮਹਿਲਾਵਾਂ ਨੂੰ ਵੀ ਸੱਟਾਂ ਦਾ ਸ਼ਿਕਾਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਦੇ ਜਬਰ ਦੇ ਬਾਵਜੂਦ ਜਦੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁੜ ਪੋਲੋ ਗਰਾਊਂਡ ਕੋਲ ਰੋਸ ਧਰਨਾ ਲਗਾ ਦਿੱਤਾ ਤਾਂ ਆਖ਼ਰ ਪ੍ਰਸ਼ਾਸਨ ਨੇ ਸੰਸਦ ਮੈਂਬਰ ਪਰਨੀਤ ਕੌਰ ਨਾਲ ਬੇਰੁਜ਼ਗਾਰ ਸਾਂਝੇ ਮੋਰਚੇ ਦੀ 13 ਅਪਰੈਲ ਨੂੰ ਪਟਿਆਲਾ ’ਚ ਦੁਵੱਲੀ ਬੈਠਕ ਤੈਅ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਾਅਦ ’ਚ ਪੁਲੀਸ ਵੱਲੋਂ ਹਿਰਾਸਤ ’ਚ ਲਏ ਬੇਰੁਜ਼ਗਾਰਾਂ ਨੂੰ ਰਿਹਾਅ ਕਰਨ ਮਗਰੋਂ ਰੋਸ ਧਰਨਾ ਚੁੱਕ ਲਿਆ ਗਿਆ ਹੈ। ਉੱਧਰ ਸਮਾਜਿਕ, ਸਿੱਖਿਆ ਤੇ ਰਾਜਸੀ ਧਿਰਾਂ ਨੇ ਬੇਰੁਜ਼ਗਾਰਾਂ ’ਤੇ ਪੁਲੀਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਹੈ।
ਬੇਰੁਜ਼ਗਾਰਾਂ ’ਤੇ ਲਾਠੀਚਾਰਜ ਦੀ ਡੀਟੀਐਫ ਵੱਲੋਂ ਨਿਖੇਧੀ
ਚੰਡੀਗੜ੍ਹ (ਪੱਤਰ ਪ੍ਰੇਰਕ): ਮੁੱਖ ਮੰਤਰੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤੇ ਜਾਣ ਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਤੇ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ’ਚ ਕਿਹਾ ਕਿ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਥਾਂ ਡਾਂਗਾਂ ਮਾਰ ਕੇ ਜ਼ਖ਼ਮੀ ਕਰਨਾ ਤੇ ਨਹਿਰ ਵਿੱਚ ਛਾਲਾਂ ਮਾਰਨ ਲਈ ਮਜਬੂਰ ਕਰਨਾ ਅਤਿ ਨਿੰਦਣਯੋਗ ਹੈ।
ਬੈਠਕ ਦੇ ਭਰੋਸੇ ਮਗਰੋਂ ਈਟੀਟੀ ਟੈੱਟ ਪਾਸ ਯੂਨੀਅਨ ਨੇ ਜਾਮ ਖੋਲ੍ਹਿਆ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਨੂੰ ਡਿਊਟੀ ਮੈਜਿਸਟਰੇਟ ਪਟਿਆਲਾ ਵੱਲੋਂ 19 ਅਪਰੈਲ ਨੂੰ ਮੁੱਖ ਮੰਤਰੀ ਦੇ ਓਐੱਸਡੀ ਐਮ.ਪੀ. ਸਿੰਘ ਨਾਲ ਪੈਨਲ ਬੈਠਕ ਕਰਵਾਉਣ ਦਾ ਭਰੋਸਾ ਦੇਣ ਮਗਰੋਂ ਜਥੇਬੰਦੀ ਨੇ ਅੱਜ ਦੇ ਸੰਘਰਸ਼ ਨੂੰ ਵਾਪਸ ਲੈ ਲਿਆ। ਇਸ ਭਰੋਸੇ ਮਗਰੋਂ ਯੂਨੀਅਨ ਵੱਲੋਂ ਭਾਖੜਾ ਪੁਲ ’ਤੇ ਲਾਇਆ ਸੜਕੀ ਜਾਮ ਵੀ ਖੋਲ੍ਹ ਦਿੱਤਾ ਗਿਆ ਹੈ।
200 ਬੇਰੁਜ਼ਗਾਰਾਂ ਖ਼ਿਲਾਫ਼ ਕੇਸ ਦਰਜ
ਪਟਿਆਲਾ, (ਸਰਬਜੀਤ ਸਿੰਘ ਭੰਗੂ) ਨੌਕਰੀਆਂ ਮੰਗਣ ਲਈ ਅੱਜ ਪਟਿਆਲਾ ਸਥਿਤ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨ ਆਏ ਦੋ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨਾਂ ਵਿਚੋਂ ਦੋ ਸੌ ਬੇਰੁਜ਼ਗਾਰਾਂ ਦੇ ਖ਼ਿਲਾਫ਼ ਸਥਾਨਕ ਪੁਲੀਸ ਨੇ ਦੋ ਵੱਖ ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਹਨ। ਉੱਧਰ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਕੁਝ ਆਗੂਆਂ ਵੱਲੋਂ ਭਾਖੜਾ ਨਹਿਰ ਵਿਚ ਛਾਲ ਮਾਰਨ ਦੇ ਮਾਮਲੇ ਨੂੰ ਲੈ ਕੇ ਥਾਣਾ ਪਸਿਆਣਾ ਦੀ ਪੁਲੀਸ ਨੇ 30 ਜਣਿਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇੱਕ ਉੱਚ ਪੁਲੀਸ ਅਧਿਕਾਰੀ ਨੇ ਕੇਸਾਂ ਦੀ ਪੁਸ਼ਟੀ ਕੀਤੀ ਹੈ।