ਪਰਮਜੀਤ ਸਿੰਘ
ਫਾਜ਼ਿਲਕਾ, 27 ਜੁਲਾਈ
ਇੱਥੇ ਅੱਜ ਕੱਚੇ ਅਧਿਆਪਕਾਂ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਘੇਰਨ ਲਈ ਪੂਰੀ ਤਿਆਰੀ ਕਰ ਲਈ ਸੀ ਪਰ ਪੁਲੀਸ ਨੇ ਮੌਕਾ ਸੰਭਾਲ ਲਿਆ। ਜਾਣਕਾਰੀ ਅਨੁਸਾਰ ਅੱਜ ਇਥੇ ਕੱਚਾ ਅਧਿਆਪਕ ਯੂਨੀਅਨ ਵੱਲੋਂ ਸੂਬਾਈ ਪੱਧਰ ’ਤੇ ਦਿੱਤੇ ਸੱਦੇ ਤਹਿਤ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਅਚਾਨਕ ਉਨ੍ਹਾਂ ਨੂੰ ਜ਼ਿਲ੍ਹਾ ਕੰਪਲੈਕਸ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਪੁੱਜਣ ਦੀ ਭਿਣਕ ਪੈ ਗਈ।
ਉਪਰੰਤ ਯੂਨੀਅਨ ਦੇ ਆਗੂਆਂ ਨੇ ਮੰਤਰੀ ਨਾਲ ਮਿਲਣ ਦੀ ਇੱਛਾ ਪ੍ਰਗਟਾਈ ਪਰ ਪੁਲੀਸ ਨੇ ਲਗਾਤਾਰ ਦੋ ਘੰਟੇ ਉਨ੍ਹਾਂ ਨੂੰ ਲਾਰਾ-ਲੱਪਾ ਲਾਈ ਰੱਖਿਆ। ਮੁਲਾਕਾਤ ਨਾ ਹੁੰਦੀ ਵੇਖ ਕੇ ਅਧਿਆਪਕਾਂ ਨੇ ਕੈਬਨਿਟ ਮੰਤਰੀ ਨੂੰ ਘੇਰਨ ਦੀ ਯੋਜਨਾ ਬਣਾ ਲਈ। ਜਦੋਂ ਇਸ ਗੱਲ ਦਾ ਚੌਕਸੀ ਵਿਭਾਗ ਨੂੰ ਪਤਾ ਲੱਗਾ ਤਾਂ ਪੁਲੀਸ ਅਧਿਕਾਰੀਆਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਨਾਲ ਅਧਿਆਪਕਾਂ ਦੀ ਮੁਲਾਕਾਤ ਕਰਵਾਈ।
ਜਥੇਬੰਦੀ ਦੀ ਸੂਬਾਈ ਕਨਵੀਨਰ ਮੈਡਮ ਗਗਨ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਆਗੂ ਮੰਗਾ ਸਿੰਘ ਆਜ਼ਾਦ ਨੇ ਕਿਹਾ ਕਿ ਕੈਬਨਿਟ ਮੰਤਰੀ ਸਰਾਰੀ ਨਾਲ ਉਨ੍ਹਾਂ ਦੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਪ੍ਰਮੁੱਖਤਾ ਨਾਲ ਉਠਾਉਣ ਦਾ ਭਰੋਸਾ ਦਿੱਤਾ ਹੈ। ਅਧਿਆਪਕਾਂ ਤੇ ਕੈਬਨਿਟ ਮੰਤਰੀ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਪੁਲੀਸ ਨੇ ਸੁੱਖ ਦਾ ਸਾਹ ਲਿਆ। ਇਸ ਮੌਕੇ ਸਤਨਾਮ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ ਟਿਵਾਣਾ, ਕਮਲੇਸ਼ ਰਾਣੀ, ਸੁਨੀਤਾ ਰਾਣੀ, ਮਮਤਾ, ਅਨੀਤਾ ਰਾਣੀ ਹਾਜ਼ਰ ਸਨ।
ਮੰਤਰੀ ਨੂੰ ਪ੍ਰੈੱਸ ਕਾਨਫਰੰਸ ਲਈ ਉਡੀਕਦੇ ਰਹੇ ਪੱਤਰਕਾਰ
ਫਾਜ਼ਿਲਕਾ: ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਅੱਜ ਫ਼ਾਜ਼ਿਲਕਾ ਦੀ ਪਹਿਲੀ ਫੇਰੀ ਸੀ। ਮਿੱਥੇ ਪ੍ਰੋਗਰਾਮ ਮੁਤਾਬਕ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵੱਲੋਂ ਪੱਤਰਕਾਰਾਂ ਨੂੰ 12 ਵਜੇ ਪ੍ਰੈੱਸ ਕਾਨਫਰੰਸ ਲਈ ਡੀਸੀ ਦਫ਼ਤਰ ਵਿੱਚ ਸੱਦਿਆ ਗਿਆ ਸੀ। ਸਮੂਹ ਪੱਤਰਕਾਰ ਮਿਥੇ ਸਮੇਂ ਮੁਤਾਬਕ ਡੀਸੀ ਕੰਪਲੈਕਸ ਵਿੱਚ ਪਹੁੰਚ ਗਏ। ਅੱਧੇ ਘੰਟੇ ਦੀ ਉਡੀਕ ਕਰਨ ਤੋਂ ਬਾਅਦ ਸਾਰੇ ਪੱਤਰਕਾਰਾਂ ਨੇ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਹ ਸੁਨੇਹਾ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਅਫਸਰ ਭੁਪਿੰਦਰ ਸਿੰਘ ਬਰਾੜ ਨੂੰ ਭੇਜਿਆ। ਮਗਰੋਂ ਪੱਤਰਕਾਰਾਂ ਨੂੰ ਵੱਟਸਐਪ ਦੇ ਬਣਾਏ ਗਰੁੱਪ ਵਿੱਚ ਲਿਖਤੀ ਤੌਰ ’ਤੇ 15 ਮਿੰਟ ਹੋਰ ਰੁਕਣ ਦਾ ਸੁਨੇਹਾ ਮਿਲਿਆ। ਸਵਾ ਘੰਟਾ ਉਡੀਕਣ ਦੇ ਬਾਵਜੂਦ ਮੰਤਰੀ ਪ੍ਰੈੱਸ ਕਾਨਫ਼ਰੰਸ ਵਿੱਚ ਨਾ ਪਹੁੰਚੇ। ਪੱਤਰਕਾਰਾਂ ਨੇ ਕਿਹਾ ਕਿ ਜੇ ਪੰਜ-ਦਸ ਮਿੰਟਾਂ ਵਿੱਚ ਮੰਤਰੀ ਆਉਂਦੇ ਹਨ ਤਾਂ ਠੀਕ ਹੈ, ਨਹੀਂ ਤਾਂ ਉਹ ਪ੍ਰੈੱਸ ਕਾਨਫਰੰਸ ਛੱਡ ਕੇ ਚਲੇ ਜਾਣਗੇ। ਸਮਾਂ ਜ਼ਿਆਦਾ ਹੋਣ ਕਾਰਨ ਪੱਤਰਕਾਰਾਂ ਨੇ ਮੰਤਰੀ ਦੀ ਹੋਰ ਉਡੀਕ ਕਰਨੀ ਜਾਇਜ਼ ਨਾ ਸਮਝੀ। ਫ਼ਾਜ਼ਿਲਕਾ ਦੇ ਸਮੂਹ ਪੱਤਰਕਾਰਾਂ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਇੰਨਾ ਲੰਮਾ ਸਮਾਂ ਉਡੀਕ ਕਰਵਾਉਣ ਦੇ ਬਾਵਜੂਦ ਮੰਤਰੀ ਨਹੀਂ ਆਏ ਅਤੇ ਹੁਣ ਇਸ ਸਾਲ ਉਨ੍ਹਾਂ ਦੀ ਕੋਈ ਪ੍ਰੈੱਸ ਕਾਨਫਰੰਸ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਉਹ ਉਥੋਂ ਚਲੇ ਗਏ।