ਮੋਗਾ (ਨਿੱਜੀ ਪੱਤਰ ਪ੍ਰੇਰਕ): ਕਾਂਗਰਸੀ ਉਮੀਦਵਾਰ ਦੇ ਪਤੀ ਅਤੇ ਹੋਰਨਾਂ ਵੱਲੋਂ ਅਕਾਲੀ ਉਮੀਦਵਾਰ ਦੇ ਰਿਸ਼ਤੇਦਾਰ ਤੇ ਇੱਕ ਹੋਰ ਵਿਅਕਤੀ ਨੂੰ ਕਥਿਤ ਤੌਰ ’ਤੇ ਵਾਹਨ ਨਾਲ ਦਰੜ ਕੇ ਮਾਰਨ ਦੇ ਮਾਮਲੇ ’ਚ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਮਿਲ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਖੀ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਦਾ ਭਰੋਸਾ ਦਿੱਤਾ ਹੈ। ਸ੍ਰੀ ਤੋਤਾ ਸਿੰਘ ਨੇ ਸੂਬੇ ’ਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੈਰਾ ਮਿਲਟਰੀ ਫੋਰਸ ਤੈਨਾਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ’ਚ ਹਾਰ ਦੇ ਡਰੋਂ ਕਾਂਗਰਸੀ ਕਥਿਤ ਗੁੰਡਾਗਰਦੀ ’ਤੇ ਉੱਤਰ ਆਏ ਹਨ ਅਤੇ ਅਕਾਲੀ ਉਮੀਦਵਾਰਾਂ ਤੇ ਸਮਰਥਕਾਂ ਨੂੰ ਡਰਾ ਧਮਕਾ ਰਹੇ ਹਨ ਤਾਂ ਜੋ ਧੱਕੇਸ਼ਾਹੀ ਨਾਲ ਚੋਣਾਂ ਜਿੱਤ ਸਕਣ। ਉਨ੍ਹਾਂ ਮੁਤਾਬਕ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਚੋਣਾਂ ’ਚ ਕਾਂਗਰਸ ਨੂੰ ਕਰਾਰੀ ਹਾਰ ਦੇਣਗੇ।