ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਪਰੈਲ
ਕਰੋਨਾ ਦੀ ਦੂਜੀ ਲਹਿਰ ਦੌਰਾਨ ਤਾਲਾਬੰਦੀ ਦੇ ਡਰੋਂ ਪਰਵਾਸੀ ਮਜ਼ਦੂਰਾਂ ਦੀ ਹਿਜ਼ਰਤ ਨੂੰ ਰੋਕਣ ਬਾਰੇ ਰਾਜ ਸਰਕਾਰ ਨੇ ਦੜ ਵੱਟ ਲਈ ਹੈ। ਅਜਿਹੇ ਵਿਚ ਕਿਸਾਨਾਂ ਨੂੰ ਇਸ ਵਾਰ ਵੀ ਝੋਨੇ ਦੀ ਲੁਆਈ ਲਈ ਮਜ਼ਦੂਰਾਂ ਦੀ ਥੁੜ੍ਹ ਕਾਰਨ ਆਰਥਿਕ ਝਟਕਾ ਲੱਗ ਸਕਦਾ ਹੈ। ਪਰਵਾਸੀ ਮਜ਼ਦੂਰ ਭੋਜਨ, ਪਾਣੀ ਅਤੇ ਸਿਹਤ ਸੇਵਾਵਾਂ ਬਾਰੇ ਚਿੰਤਤ ਹੋਣ ਲੱਗੇ ਹਨ।
ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਲਾਗ ਫੈਲਣ ਤੋਂ ਰੋਕਣ ਲਈ ਵਰਤੀ ਜਾ ਰਹੀ ਸਖ਼ਤੀ ਤੇ ਪੂਰਨ ਤਾਲਾਬੰਦੀ ਦੇ ਖ਼ਦਸ਼ੇ ਕਾਰਨ ਪਰਵਾਸੀ ਮਜ਼ਦੂਰਾਂ ਨੇ ਪਰਿਵਾਰ ਸਮੇਤ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ। ਪਰਵਾਸੀ ਮਜ਼ਦੂਰਾਂ ’ਚ ਦਹਿਸ਼ਤ ਦਾ ਮਾਹੌਲ ਹੈ। ਬੀਤੇ ਸਾਲ ਤਾਲਾਬੰਦੀ ਦੌਰਾਨ ਲੱਖਾਂ ਪਰਵਾਸੀ ਮਜ਼ਦੂਰ ਪ੍ਰਭਾਵਿਤ ਹੋਏ ਸਨ। ਅਜਿਹੇ ਵਿਚ ਉਹ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ।
ਮੋਗਾ ਬੱਸ ਸਟੈਂਡ ਤੋਂ ਰੋਜ਼ਾਨਾ ਇੱਕ ਨਿੱਜੀ ਕੰਪਨੀ ਨਿਯਮਾਂ ਨੂੰ ਛਿੱਕੇ ਟੰਗਕੇ ਮਜ਼ਦੂਰਾਂ ਦੀ ਬੱਸ ਤੂੜੀ ਵਾਂਗ ਭਰ ਕੇ ਬਿਹਾਰ ਤੇ ਉੱਤਰ ਪ੍ਰਦੇਸ਼ ਲਈ ਰਵਾਨਾ ਕਰਦੀ ਹੈ। ਮਜ਼ਦੂਰਾਂ ਨੇ ਦੱਸਿਆ ਰੇਲਾਂ ਨਾ ਚੱਲਣ ਕਾਰਨ ਉਹ ਬੱਸ ਰਾਹੀਂ ਜਾ ਰਹੇ ਹਨ। ਉਨ੍ਹਾਂ ਤੋਂ 1000 ਤੋਂ 1500 ਰੁਪਏ ਕਿਰਾਇਆ ਵਸੂਲਿਆ ਜਾ ਰਿਹਾ ਹੈ। ਪਰਵਾਸੀ ਮਜ਼ਦੂਰਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਤਾਲਾਬੰਦੀ ਲੱਗਣ ਵਾਲੀ ਹੈ। ਇਸੇ ਕਰਕੇ ਉਹ ਵਾਪਸ ਜਾ ਰਹੇ ਹਨ। ਪਰਵਾਸੀ ਮਜ਼ਦੂਰਾਂ ਦਾ ਕਹਿਣਾ ਕਿ 6 ਵਜੇ ਕਰਫਿਊ ਲੱਗ ਜਾਂਦਾ ਹੈ। ਉਨ੍ਹਾਂ ਦੀਆਂ ਫ਼ਲ, ਸਬਜ਼ੀਆਂ ਤੇ ਖਾਣ-ਪੀਣ ਵਾਲਾ ਸਾਮਾਨ ਰੇਹੜੀਆਂ ’ਤੇ ਰਾਤ ਨੂੰ ਵਿਕਦਾ ਹੈ ਪਰ ਪੁਲੀਸ ਮੁਲਾਜ਼ਮ 5 ਵਜੇ ਹੀ ਹੂਟਰ ਮਾਰਨ ਲੱਗ ਜਾਂਦੇ ਹਨ ਅਤੇ ਬੁਰਾ ਭਲਾ ਵੀ ਬੋਲਦੇ ਹਨ। ਅਜਿਹੀ ਹਾਲਤ ਵਿੱਚ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਨੂੰ ਤਾਂ ਪੁਲੀਸ ਭਜਾ ਦਿੰਦੀ ਹੈ ਜਦੋਂਕਿ ਸ਼ਰਾਬ ਦੇ ਠੇਕੇ ’ਚ ਸ਼ਟਰ ਦੀ ਮੋਰੀ ਰਾਹੀਂ ਦੇਰ ਰਾਤ ਤੱਕ ਸ਼ਰਾਬ ਵਿਕ ਰਹੀ ਹੈ।
ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਅਤੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਬੀਤੇ ਵਰ੍ਹੇ ਝੋਨੇ ਦੀ ਲੁਆਈ ਦੇ ਭਾਅ ਦੁੱਗਣੇ ਦੇਣੇ ਪਏ ਸਨ। ਹੁਣ ਵੀ ਉਨ੍ਹਾਂ ਪੱਲੇ ਤਾਂ ਕੱਖ ਵੀ ਨਹੀਂ ਪੈਣਾ। ਪਰਵਾਸੀ ਮਜ਼ਦੂਰਾਂ ਦੀ ਹਿਜ਼ਰਤ ਕਾਰਨ ਇਸ ਵਾਰ ਝੋਨੇ ਦੀ ਲੁਆਈ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ।