ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਸਤੰਬਰ
ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਸਥਾਪਤ ਕੀਤੀਆਂ ਗਈਆਂ ਸਵੈਚਾਲਤ ਈ-ਟਿਕਟਿੰਗ ਵੈਂਡਿੰਗ ਮਸ਼ੀਨਾਂ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਭਾਵੇਂ ਪ੍ਰਬੰਧਕਾਂ ਨੇ ਦਾਖ਼ਲਾ ਟਿਕਟ ਲਾਗੂ ਕਰਨ ਤੋਂ ਨਾਂਹ ਕੀਤੀ ਹੈ ਪਰ ਮਸ਼ੀਨਾਂ ਤੋਂ ਲੱਗਦਾ ਹੈ ਕਿ ਭਵਿੱਖ ਵਿੱਚ ਦਾਖਲਾ ਟਿਕਟ ਲਾਈ ਜਾ ਸਕਦੀ ਹੈ। ਇਸ ਸਬੰਧੀ ਯਾਦਗਾਰ ਦੇ ਦਾਖ਼ਲਾ ਦੁਆਰ ਨੇੜੇ ਇੱਕ ਕਮਰਾ ਵੀ ਬਣਾਇਆ ਗਿਆ ਹੈ, ਜੋ ਟਿਕਟ ਕਾਊਂਟਰ ਪ੍ਰਤੀਤ ਹੁੰਦਾ ਹੈ।
ਜੱਲ੍ਹਿਆਂਵਾਲਾ ਬਾਗ ਯਾਦਗਾਰ ਟਰੱਸਟ ਦੇ ਮੈਂਬਰ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਇੱਥੇ ਕਿਸੇ ਵੀ ਤਰ੍ਹਾਂ ਦੀ ਟਿਕਟ ਲਾਗੂ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਯਾਦਗਾਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੋਈ ਵੀ ਦਾਖਲਾ ਟਿਕਟ ਨਹੀਂ ਹੋਵੇਗੀ। ਇਸ ਦੇ ਨਵੀਨੀਕਰਨ ਸਬੰਧੀ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਂਦਰੀ ਸਭਿਆਚਾਰਕ ਮਾਮਲੇ ਵਿਭਾਗ ਦੀ ਜਾਣਕਾਰੀ ਵਿੱਚ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਨੇ ਵੀ ਜੱਲ੍ਹਿਆਂਵਾਲਾ ਬਾਗ ਦੇ ਦੌਰੇ ਦੌਰਾਨ ਇੱਥੇ ਲਗਾਈਆਂ ਗਈਆਂ ਟਿਕਟਾਂ ਵਾਲੀਆਂ ਮਸ਼ੀਨਾਂ ਨੂੰ ਦੇਖਣ ਮਗਰੋਂ ਖ਼ਦਸ਼ਾ ਪ੍ਰਗਟਾਇਆ ਸੀ ਕਿ ਕਿਸੇ ਵੀ ਵੇਲੇ ਦਾਖਲਾ ਟਿਕਟ ਲਾਈ ਜਾ ਸਕਦੀ ਹੈ। ਉਹ ਦਾਖ਼ਲਾ ਟਿਕਟ ਲਾਉਣ ਦਾ ਸਖ਼ਤ ਵਿਰੋਧ ਵੀ ਕਰ ਚੁੱਕੇ ਹਨ।
ਸਾਕਾ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦ ਦੇ ਪਰਿਵਾਰਕ ਮੈਂਬਰ ਸੁਨੀਲ ਕੁਮਾਰ ਨੇ ਕਿਹਾ ਕਿ ਇਸ ਤੋਂ ਦੁੱਖਦਾਈ ਕੀ ਹੋਵੇਗਾ ਕਿ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਣ ਵਾਲਿਆਂ ਕੋਲੋਂ ਦਾਖ਼ਲਾ ਟਿਕਟ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ ਸੀ ਅਤੇ ਅੱਜ ਦੀਆਂ ਸਰਕਾਰਾਂ ਉਨ੍ਹਾਂ ਦੀਆਂ ਯਾਦਗਾਰਾਂ ’ਤੇ ਟਿਕਟਾਂ ਲਾਉਣ ਦੀ ਸੋਚ ਰਹੀਆਂ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ।