ਕਰਮਜੀਤ ਸਿੰਘ ਚਿੱਲਾ
ਬਨੂੜ, 18 ਅਪਰੈਲ
ਇੱਥੋਂ ਦੇ ਐੱਫਸੀਆਈ ਗੋਦਾਮਾਂ ਵਿੱਚ ਸੀਬੀਆਈ ਟੀਮ ਦੀ ਜਾਂਚ ਅੱਜ ਦੂਜੇ ਦਿਨ ਵੀ ਜਾਰੀ ਰਹੀ। ਸ਼ਨਿਚਰਵਾਰ ਸਵੇਰੇ ਪੰਜ ਵਜੇ ਗੋਦਾਮਾਂ ਵਿੱਚ ਆਈ ਦੋ ਦਰਜਨ ਦੇ ਕਰੀਬ ਮੈਂਬਰਾਂ ਵਾਲੀ ਟੀਮ ਨੇ ਬੀਤੀ ਰਾਤ ਸੱਤ ਵਜੇ ਤਕ ਗੋਦਾਮਾਂ ਦੇ ਗੇਟ ਬੰਦ ਕਰਕੇ ਪੜਤਾਲ ਕੀਤੀ ਸੀ। ਅੱਜ ਸਵੇਰੇ ਨੌਂ ਵਜੇ ਦੇ ਕਰੀਬ ਸਬੰਧਤ ਟੀਮ ਮੁੜ ਗੋਦਾਮਾਂ ਵਿੱਚ ਪਹੁੰਚੀ ਅਤੇ ਇੱਥੇ ਪਏ ਚੌਲਾਂ ਦੇ ਸਟਾਕ, ਮਿਆਰ ਅਤੇ ਸਮੁੱਚੇ ਰਿਕਾਰਡ ਦੀ ਜਾਂਚ ਆਰੰਭੀ। ਇਸ ਮੌਕੇ ਟੀਮ ਨੇ ਚੌਲਾਂ ਦੇ ਨਮੂਨੇ ਲੈ ਕੇ ਉਨ੍ਹਾਂ ਦੇ ਮਿਆਰ ਦੀ ਜਾਂਚ ਕੀਤੀ ਅਤੇ ਚੌਲਾਂ ਨਾਲ ਸਬੰਧਤ ਬਿੱਲਾਂ ਦੀ ਘੋਖ ਕੀਤੀ। ਦੇਰ ਸ਼ਾਮ ਤਕ ਵੀ ਟੀਮ ਜਾਂਚ ਵਿੱਚ ਰੁੱਝੀ ਹੋਈ ਸੀ। ਸੀਬੀਆਈ ਟੀਮ ਅਤੇ ਐੱਫਸੀਆਈ ਗੋਦਾਮਾਂ ਦੇ ਅਧਿਕਾਰੀ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰੀ ਹਨ।
ਐੱਫਸੀਆਈ ਦੀ ਲਿਫ਼ਟਿੰਗ ਦੂਜੇ ਦਿਨ ਵੀ ਠੱਪ
ਬਨੂੜ ਮੰਡੀ ’ਚ ਐੱਫਸੀਆਈ ਨੇ ਭਾਵੇਂ ਅੱਜ ਕਣਕ ਦੀ ਖਰੀਦ ਮੁੜ ਸ਼ੁਰੂ ਕਰ ਦਿੱਤੀ ਪਰ ਭਾਰ ਤੋਲਣ ਵਾਲੇ ਕੰਡੇ ਗੋਦਾਮਾਂ ਵਿੱਚ ਹੋਣ ਕਰਕੇ ਲਿਫਟਿੰਗ ਦਾ ਕੰਮ ਬੀਤੇ ਦਿਨ ਤੋਂ ਹੀ ਠੱਪ ਪਿਆ ਹੈ। ਸੀਬੀਆਈ ਦੀ ਟੀਮ ਵੱਲੋਂ ਗੋਦਾਮਾਂ ਦੇ ਮੁੱਖ ਗੇਟ ਬੰਦ ਕਰਾਏ ਜਾਣ ਕਾਰਨ ਕੰਟੇਨਰਾਂ ਦਾ ਭਾਰ ਤੋਲਕ ਕੰਡੇ ਤੱਕ ਜਾਣ ਦਾ ਰਾਹ ਬੰਦ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਐੱਫਸੀਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲਿਫ਼ਟਿੰਗ ਤੁਰੰਤ ਆਰੰਭ ਕਰਾਉਣ ਦੀ ਮੰਗ ਕੀਤੀ ਹੈ।