ਪਰਮਜੀਤ ਸਿੰਘ
ਫਾਜ਼ਿਲਕਾ, 6 ਮਾਰਚ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ ’ਚ 25 ਪਿੰਡਾਂ ਦੇ ਵਾਸੀਆਂ ਦਾ ਚੱਲ ਰਿਹਾ ਧਰਨਾ ਅੱਜ 20ਵੇਂ ਦਿਨ ਵੀ ਜਾਰੀ ਰਿਹਾ। ਇਸ ਤੋਂ ਇਲਾਵਾ ਪਿੰਡਾਂ ਦੇ ਵਾਸੀਆਂ ਨੇ ਭੁੱਖ ਹੜਤਾਲ ਕੀਤੀ। ਅੱਜ ਪਿੰਡ ਹੀਰਾਂ ਵਾਲੀ ਵਾਸੀ ਇੰਦਰਾ ਦੇਵੀ, ਸੁਦੇਸ਼ ਕੁਮਾਰ, ਬਿਮਲਾ ਦੇਵੀ, ਮੂਰਤੀ ਦੇਵੀ, ਗੁਰਮੀਤ ਕੌਰ, ਪਰਮੇਸ਼ਵਰੀ ਦੇਵੀ, ਕਮਲਾ ਦੇਵੀ ਅਤੇ ਬਸਤੀ ਰਾਮ ਭਾਟੀਆ, ਪਿੰਡ ਬੇਗਾਂ ਵਾਲੀ ਵਾਸੀ ਪਿ੍ਰਥੀ ਰਾਮ ਮੇਘਵਾਲ, ਪਿੰਡ ਬੋਦੀਵਾਲਾ ਵਾਸੀ ਰਾਮ ਸਿੰਘ ਭੁੱਖ ਹੜਤਾਲ ’ਤੇ ਬੈਠੇ। ਪਿੰਡ ਹੀਰਾਂ ਵਾਲੀ ਦੇ ਸਰਪੰਚ ਅਨਿਲ ਝੀਂਝਾ, ਪਿੰਡ ਬੇਗਾਂ ਵਾਲੀ ਦੇ ਸਰਪੰਚ ਸੁਰਿੰਦਰ ਕੁਮਾਰ, ਵਿਕ੍ਰਮਜੀਤ ਸਿੰਘ, ਰਜੇਸ਼ ਕੁਮਾਰ, ਸੁਰਿੰਦਰ ਕੁਮਾਰ, ਰਾਏ ਸਿੰਘ, ਗੌਰਵ ਝੀਂਝਾ, ਮਨੋਜ਼ ਕੁਮਾਰ ਅਤੇ ਵਿਕਰਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦਾ ਪਾਣੀ ਪਹਿਲਾਂ ਹੀ ਪੀਣ ਯੋਗ ਨਹੀਂ ਹੈ। ਇਸ ਦੇ ਬਾਵਜੂਦ ਹੀਰਾਂ ਵਾਲੀ ’ਚ ਇਕ ਪ੍ਰਾਈਵੇਟ ਕੰਪਨੀ ਵੱਲੋਂ ਸ਼ਰਾਬ ਫੈਕਟਰੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਫੈਕਟਰੀ ਲਗਣ ਦੇ ਵਿਰੋਧ ’ਚ ਦਸੰਬਰ ਮਹੀਨੇ ’ਚ ਗ੍ਰਾਮ ਸਭਾ ਇਜਲਾਸ ’ਚ ਸਰਵਸੰਮਤੀ ਨਾਲ ਸ਼ਰਾਬ ਫੈਕਟਰੀ ਨਾ ਲਗਾਉਣ ਦੇ ਪੱਖ ’ਚ ਪ੍ਰਸਤਾਵ ਪਾਸ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਫੈਕਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਫੈਕਟਰੀ ਲਗਦੀ ਹੈ ਤਾਂ ਫੈਕਟਰੀ ਤੋਂ ਨਿਕਲਣ ਵਾਲੇ ਗੰਦੇ ਪਾਣੀ ਨਾਲ ਜ਼ਮੀਨੀ ਪਾਣੀ ਵੀ ਗੰਦਾ ਹੋ ਜਾਵੇਗਾ, ਜਿਸ ਕਾਰਨ ਪੀਣ ਵਾਲੇ ਪਾਣੀ ’ਤੇ ਮਾੜਾ ਪ੍ਰਭਾਵ ਪਵੇਗਾ।