ਪਰਮਜੀਤ ਸਿੰਘ
ਫਾਜ਼ਿਲਕਾ, 1 ਜੁਲਾਈ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਲਾਧੂਕਾ ’ਚ ਅੱਜ ਫਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ। ਦੋਵਾਂ ਧਿਾਰਾਂ ਵਿੱਚ ਖਾਸੀ ਬਹਿਸ ਹੋਈ। ਸ੍ਰੀ ਸ਼ੇਰ ਸਿੰਘ ਘੁਬਾਇਆ ਦੇ ਅੱਜ ਪਿੰਡ ’ਚ ਦਾਖਲ ਹੁੰਦੇ ਹੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਸ਼ੇਰ ਸਿੰਘ ਘੁਬਾਇਆ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਸ੍ਰੀ ਘੁਬਾਇਆ ਨੂੰ ਕਿਹਾ ਕਿ ਕਿਸਾਨ 7 ਮਹੀਨਿਆਂ ਤੋਂ ਟੌਲ ਪਲਾਜ਼ਿਆਂ ’ਚ ਬੈਠੇ ਹਨ ਪਰ ਕਿਸਾਨਾਂ ਦੀ ਸਾਰ ਲੈਣ ਲਈ ਕੋਈ ਵੀ ਸਿਆਸੀ ਆਗੂ ਨਹੀਂ ਪਹੁੰਚਿਆ ਸਗੋਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿਆਸੀ ਆਗੂਆਂ ਦਾ ਪਿੰਡਾਂ ’ਚ ਦਾਖਲਾ ਬੰਦ ਕੀਤਾ ਹੋਇਆ ਹੈ।