ਕੁਲਦੀਪ ਸਿੰਘ
ਚੰਡੀਗੜ੍ਹ, 5 ਨਵੰਬਰ
‘ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਵਿੱਚ ਆਊਟਸੋਰਸਿੰਗ ਏਜੰਸੀ ਰਾਹੀਂ ਸਟਾਫ਼ ਦੀ ਭਰਤੀ ਤਾਂ ਕੀਤੀ ਜਾ ਰਹੀ ਹੈ ਪਰ ਇਹ ਮੁਲਾਜ਼ਮ ਮੰਤਰੀ, ਚੇਅਰਮੈਨ ਅਤੇ ਵੱਡੇ ਅਫ਼ਸਰਾਂ ਦੇ ਕਥਿਤ ਚਹੇਤੇ ਦੱਸੇ ਜਾ ਰਹੇ ਹਨ। ਵਿਭਾਗੀ ਸੂਤਰਾਂ ਅਨੁਸਾਰ ਕਹਿਣ ਨੂੰ ਤਾਂ ਕੰਪਨੀ ਰਾਹੀਂ ਆਊਟਸੋਰਸਿੰਗ ਹੋ ਰਹੀ ਹੈ ਪਰ ਕੋਈ ਅਖ਼ਬਾਰੀ ਇਸ਼ਤਿਹਾਰ ਦੇਣ ਦੀ ਬਜਾਇ ਸਿੱਧੇ ਹੀ ਚਹੇਤਿਆਂ ਨੂੰ ਰੱਖਿਆ ਜਾ ਰਿਹਾ ਹੈ ਜਦਕਿ ਨਿਯਮਾਂ ਅਨੁਸਾਰ ਏਜੰਸੀਆਂ ਵੱਲੋਂ ਵੀ ਭਰਤੀ ਇਸ਼ਤਿਹਾਰ ਦੇ ਕੇ ਕਰਨੀ ਬਣਦੀ ਹੈ। ਇਹ ਵਰਤਾਰਾ ਪੰਜਾਬ ਦੇ ਲੱਖਾਂ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੇ ਹੱਕਾਂ ’ਤੇ ਡਾਕਾ ਹੈ। ਸੂਤਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਮੈਰਿਟ ’ਤੇ ਭਰਨ ਦੀ ਬਜਾਇ ਲਗਪਗ 54 ਉਮੀਦਵਾਰਾਂ ਨੂੰ ਆਊਟਸੋਰਸਿੰਗ ਰਾਹੀਂ ਭਰਤੀ ਕੀਤਾ ਗਿਆ ਹੈ। ਇਨ੍ਹਾਂ ਉਮੀਦਵਾਰਾਂ ਨੂੰ ਭਰਤੀ ਕਰਨ ਤੋਂ ਪਹਿਲਾਂ ਕੰਪਨੀ ਵੱਲੋਂ ਵੀ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਲਿਖਤੀ ਟੈਸਟ ਲਿਆ ਗਿਆ ਹੈ। ਸੂਤਰ ਮੁਤਾਬਕ ਆਊਟਸੋਰਸਿੰਗ ਰਾਹੀਂ ਭਰਤੀ ਕਰਨ ਦਾ ਤਾਂ ਇੱਕ ਬਹਾਨਾ ਹੈ, ਜਦਕਿ ਸਟਾਫ਼ ਭਰਤੀ ਕਰਨ ਲਈ ਲਿਸਟਾਂ ਤਾਂ ਕਥਿਤ ਮੰਤਰੀਆਂ, ਚੇਅਰਮੈਨ ਜਾਂ ਅਫ਼ਸਰਾਂ ਵੱਲੋਂ ਹੀ ਗੁਪਤ ਢੰਗ ਨਾਲ ਆਉਂਦੀਆਂ ਹਨ।
ਆਊਟਸੋਰਸਿੰਗ ਏਜੰਸੀ ਇਸ਼ਤਿਹਾਰ ਦੇ ਕੇ ਚੁਣੀ ਸੀ: ਐੱਮਡੀ
ਵਿਭਾਗ ਦੇ ਮੈਨੇਜਿੰਗ ਡਾਇਰੈਕਟਰ ਸੁਮਿਤ ਜਾਰੰਗਲ ਨੇ ਆਖਿਆ ਕਿ ਸਟਾਫ਼ ਭਰਤੀ ਕਰਨ ਦਾ ਕੰਮ ਆਊਟਸੋਰਸਿੰਗ ਰਾਹੀਂ ਕੀਤਾ ਜਾਂਦਾ ਹੈ ਅਤੇ ਆਊਟਸੋਰਸਿੰਗ ਵਾਲੀ ਕੰਪਨੀ ਇਸ਼ਤਿਹਾਰ ਦੇ ਕੇ ਚੁਣੀ ਗਈ ਸੀ। ਵਿਭਾਗ ਵੱਲੋਂ ਕੰਪਨੀ ਨੂੰ ਡਿਮਾਂਡ ਭੇਜੀ ਜਾਂਦੀ ਹੈ ਤੇ ਕੰਪਨੀ ਲੋੜ ਮੁਤਾਬਕ ਸਟਾਫ਼ ਭੇਜ ਦਿੰਦੀ ਹੈ।