ਜਸਵੰਤ ਜੱਸ
ਫ਼ਰੀਦਕੋਟ, 27 ਜੂਨ
ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਕਰੀਬ ਪੰਜ ਸੌ ਪਿੰਡਾਂ ਨੂੰ ਬਿਜਲੀ ਦੇਣ ਵਾਲਾ ਪਾਵਰ ਗਰਿੱਡ, ਜੋ ਸਾਦਿਕ ਕਸਬੇ ਵਿੱਚ ਹੈ, ਅਚਾਨਕ ਖ਼ਰਾਬ ਹੋ ਗਿਆ ਹੈ। ਇਸ ਕਰਕੇ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੇ ਪੰਜ ਸੌ ਪਿੰਡਾਂ ਨੂੰ ਬਿਜਲੀ ਸਪਲਾਈ ਬੁਰੀ ਤਰ੍ਹਾਂ ਠੱਪ ਹੈ। ਸੂਚਨਾ ਅਨੁਸਾਰ ਬਿਜਲੀ ਦੇ ਗਰਿੱਡ ਦੇ ਟੈਂਕ ਵਿਚ ਕਰੀਬ ਸੱਠ ਹਜ਼ਾਰ ਲਿਟਰ ਤੇਲ ਸੀ ਅਤੇ ਤਕਨੀਕੀ ਖ਼ਰਾਬੀ ਕਾਰਨ ਇਹ ਲੀਕ ਹੋ ਗਿਆ, ਜਿਸ ਕਰਕੇ ਗਰਿੱਡ ਦੇ ਇੱਕ ਹਿੱਸੇ ਨੂੰ ਅੱਗ ਨੇ ਆਪਣੀ ਚਪੇਟ ਵਿਚ ਲੈ ਲਿਆ। ਹਾਲਾਂਕਿ ਗਰਿੱਡ ’ਤੇ ਕੰਮ ਕਰ ਰਹੇ ਇੰਜਨੀਅਰਾਂ ਨੇ ਅੱਗ ਉਪਰ ਕਾਬੂ ਪਾ ਲਿਆ। ਅੱਗ ਲੱਗਣ ਕਾਰਨ ਗਰਿੱਡ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਰਕੇ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੀ ਪੰਜ ਸੌ ਪਿੰਡਾਂ ਵਿੱਚ ਝੋਨੇ ਦੀ ਲੁਆਈ ਵੀ ਵੱਡੀ ਪੱਧਰ ਤੇ ਪ੍ਰਭਾਵਿਤ ਹੋਈ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਜਲਾਲਾਬਾਦ ਅਤੇ ਗੁਰੂਹਰਸਾਏ ਦੀ ਗੰਢਾਂ ਤੋਂ ਕੁਝ ਸਮੇਂ ਲਈ ਬਿਜਲੀ ਸਪਲਾਈ ਕੀਤੀ ਹੈ, ਜਦੋਂ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਨੂੰ ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹੇ ਦੀ ਬਾਕੀ ਗਰਿੱਡਾਂ ਤੋਂ ਬਿਜਲੀ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਭਾਵਿਤ ਪਿੰਡਾਂ ’ਚ ਹੁਣ ਸਿਰਫ ਚਾਰ ਘੰਟੇ ਬਿਜਲੀ ਹੀ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਾਵਰ ਗਰਿੱਡ ਦੀ ਸੀਜ਼ਨ ਤੋਂ ਪਹਿਲਾਂ ਲੋੜੀਂਦੀ ਚੈਕਿੰਗ ਹੋਣੀ ਚਾਹੀਦੀ ਸੀ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਗਰਿੱਡ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਮੁੰਬਈ ਤੋਂ ਗਰਿੱਡ ਦੀ ਮੁਰੰਮਤ ਲਈ ਵਿਸ਼ੇਸ਼ ਇੰਜਨੀਅਰ ਬੁਲਾਏ ਹਨ। ਮੰਗਲਵਾਰ ਤੱਕ ਗਰਿੱਡ ਦੇ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਗਰਿੱਡ ਨੂੰ ਹੋਏ ਨੁਕਸਾਨ ਨਾਲ ਇਲਾਕੇ ਵਿਚ ਝੋਨੇ ਦੀ ਬਿਜਾਈ ਪਛੜੀ ਹੈ। ਸਾਦਿਕ ਵਿਖੇ ਸਥਾਪਤ ਕੀਤੇ ਗਏ ਉੱਚ ਪੱਧਰੀ ਬਿਜਲੀ ਗਰਿੱਡ ਨੂੰ ਮੁੰਬਈ ਦੀ ਨਿੱਜੀ ਕੰਪਨੀ ਚਲਾ ਰਹੀ ਹੈ। ਦਸ ਸਾਲ ਪਹਿਲਾਂ ਸਥਾਪਤ ਕੀਤੇ ਇਸ ਬਿਜਲੀ ਗਰਿੱਡ ਵਿਚੋਂ ਫਰੀਦਕੋਟ ਸਾਦਿਕ ਗੁਰੂਹਰਸਹਾਏ ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਨੂੰ ਘਰੇਲੂ ਅਤੇ ਖੇਤੀ ਲੋੜਾਂ ਲਈ ਲਈ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।